ਲੌਂਗੋਵਾਲ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਅੱਜ ਸਾੜੇ ਜਾਣਗੇ ਪੁਤਲੇ
ਐਸਐਸ ਸੱਤੀ
ਮਸਤੂਆਣਾ ਸਾਹਿਬ, 13 ਅਗਸਤ
ਇੱਥੇ ਬਣ ਰਹੇ ਮੈਡੀਕਲ ਕਾਲਜ ਉੱਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਵੱਲੋਂ ਉਸਾਰੀ ਤੇ ਲਗਾਈ ਗਈ ਰੋਕ ਹਟਾਉਣ ਲਈ ਧਰਨਾ ਜਾਰੀ ਹੈ। ਧਰਨੇ ਵਿੱਚ ਸ਼ਾਮਲ ਇਲਾਕੇ ਦੀ ਸੰਗਤ ਨੂੰ ਸੰਬੋਧਨ ਕਰਦਿਆਂ ਭਰਭੂਰ ਸਿੰਘ ਕਾਮਰੇਡ, ਜਸਵੰਤ ਸਿੰਘ, ਦਰਸ਼ਨ ਸਿੰਘ ਕੁੰਨਰਾਂ, ਮਨਦੀਪ ਸਿੰਘ ਸਿੱਧੂ ਲਿੱਦੜਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਖਿਲਾਫ਼ ਰੋਸ ਜਤਾਉਂਦਿਆਂ ਅੱਜ 14 ਅਗਸਤ ਨੂੰ ਲੌਂਗੋਵਾਲ ਬੱਸ ਅੱਡੇ ਤੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੇ ਆਗੂਆਂ ਦੇ ਪੁਤਲੇ ਫੂਕੇ ਜਾਣਗੇ। ਉਨ੍ਹਾਂ ਕਿਹਾ ਹੈ ਕਿ ਮਸਤੂਆਣਾ ਸਾਹਿਬ ਵਿੱਚ ਬਾਬਾ ਅਤਰ ਸਿੰਘ ਦੀ ਸੋਚ ’ਤੇ ਪਹਿਰਾ ਦਿੰਦਿਆਂ ਗੁਰਦੁਆਰਾ ਅੰਗੀਠਾ ਸਾਹਿਬ ਵੱਲੋਂ ਮੈਡੀਕਲ ਕਾਲਜ ਬਣਾਉਣ ਲਈ ਸਰਕਾਰ ਨੂੰ ਜ਼ਮੀਨ ਦਿੱਤੀ ਹੈ ਜਿਸ ਦਾ ਇੰਤਕਾਲ ਵੀ ਹੋ ਚੁੱਕਿਆ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇਸ ਮੈਡੀਕਲ ਕਾਲਜ ਦੀ ਉਸਾਰੀ ’ਤੇ ਰੋਕ ਲਗਾਈ ਹੈ ਅਤੇ 1964 ਵਿੱਚ ਕੋਈ ਸਟੇਅ ਲਈ ਗਈ ਸੀ ਪਰ ਉਸ ਸਟੇਅ ਦਾ ਫਰਦ ਵਿੱਚ ਅਦਾਲਤ ਵੱਲੋਂ ਕਿਤੇ ਵੀ ਜ਼ਿਕਰ ਨਹੀਂ ਹੈ। ਇਸ ਕਰਕੇ ਮੈਡੀਕਲ ਕਾਲਜ ਦਾ ਪਿਛਲੇ ਸਾਲ ਮੁੱਖ ਮੰਤਰੀ ਵੱਲੋਂ ਨੀਂਹ ਪੱਥਰ ਰੱਖਿਆ ਗਿਆ ਸੀ। ਧਰਨਾਕਾਰੀਆਂ ਨੇ ਇਹ ਵੀ ਫੈਸਲਾ ਲਿਆ ਕਿ ਆਉਣ ਵਾਲੀ 20 ਅਗਸਤ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਦਾ ਘਿਰਾਓ ਕਰਨ ਦੀ ਬਜਾਏ ਉਹਨਾਂ ਵੱਲੋਂ ਕਾਲੀਆਂ ਝੰਡੀਆਂ ਤੇ ਲਿਖਤ ਤਖ਼ਤੀਆਂ ਫੜ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਧਰਨੇ ਵਿੱਚ ਦਰਸ਼ਨ ਸਿੰਘ ਬੱਗੋਆਣਾ , ਬੰਤ ਸਿੰਘ, ਨਛੱਤਰ ਸਿੰਘ, ਜਸਵੰਤ ਕੌਰ, ਸੁਖਵਿੰਦਰ ਕੌਰ ਦੁੱਗਾਂ ਸਮੇਤ ਹੋਰ ਕਿਸਾਨ ਬੀਬੀਆਂ ਵੀ ਸ਼ਾਮਲ ਸਨ।