ਸ਼ਹਿਰ ਵਿੱਚ ਦਸਿਹਰੇ ਦਾ ਤਿਉਹਾਰ ਵੱਖ-ਵੱਖ ਥਾਈਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ਹਿਰ ਦੇ ਸਰਕਾਰੀ ਰਣਬੀਰ ਕਾਲਜ ਖੇਡ ਮੈਦਾਨ, ਮਹਾਰਾਜਾ ਰਣਜੀਤ ਸਿੰਘ ਮਾਰਕੀਟ ਸੁਨਾਮੀ ਗੇਟ ਅਤੇ ਪਟਿਆਲਾ ਗੇਟ ਵਿੱਚ ਵੱਖ-ਵੱਖ ਤਿੰਨ ਰਾਮ ਲੀਲਾ ਕਮੇਟੀਆਂ ਵਲੋਂ ਦੇਰ ਸ਼ਾਮ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਫੂਕੇ ਗਏ। ਸਥਾਨਕ ਮਹਾਰਾਜਾ ਰਣਜੀਤ ਸਿੰਘ ਮਾਰਕੀਟ ਵਿੱਚ ਪੁੱਜੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਲੋਕਾਂ ਨੂੰ ਦਸਹਿਰੇ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਜਿਹੇ ਪਵਿੱਤਰ ਤਿਉਹਾਰ ਆਪਸੀ ਮਿਲਵਰਤਨ, ਪਿਆਰ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਣ ਦਾ ਸੁਨੇਹਾ ਦਿੰਦੇ ਹਨ। ਸਮਾਗਮ ਵਿਚ ਸ਼ਾਮਲ ਹੋਏ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਦਸਹਿਰੇ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਭਗਵਾਨ ਰਾਮ ਦੇ ਦਿਖਾਏ ਹੋਏ ਮਾਰਗ ’ਤੇ ਚੱਲਣਾ ਚਾਹੀਦਾ ਹੈ ਅਤੇ ਆਪਸੀ ਪਿਆਰ, ਮੁਹੱਬਤ ਅਤੇ ਭਾਈਚਾਰਕ ਸਾਂਝ ਕਾਇਮ ਰੱਖਣੀ ਚਾਹੀਦੀ ਹੈ।
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਡੇਰਾ ਬਾਬਾ ਸ਼ੰਕਰ ਗਿਰ ਔਲੀਆ ਮੰਦਰ ਦੇਵੀਗੜ੍ਹ ਅਤੇ ਬਾਬਾ ਬਖਤਾ ਨਾਥ ਮੰਦਰ ਬਲਬੇੜਾ ਵਿੱਚ ਦਸਹਿਰਾ ਧੂਮਧਾਮ ਨਾਲ ਮਨਾਇਆ ਗਿਆ। ਦਸਹਿਰੇ ਮੌਕੇ ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਇਸ ਮੌਕੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਵੀ ਬਾਬਾ ਸ਼ੰਕਰ ਗਿਰ ਔਲੀਆ ਮੰਦਰ ਵਿੱਚ ਹਾਜ਼ਰੀ ਲਵਾਈ। ਇਸ ਮੌਕੇ ਚੌਧਰੀ ਭੁਪਿੰਦਰ ਸਿੰਘ, ਰਾਜਵਿੰਦਰ ਸਿੰਘ ਹਡਾਣਾ, ਪ੍ਰੇਮ ਸਿੰਘ ਖਨੇਜਾ ਤੇ ਰਾਮ ਸਰਨ ਖਨੇਜਾ ਆਦਿ ਹਾਜ਼ਰ ਸਨ।
ਸਮਾਣਾ (ਸੁਭਾਸ਼ ਚੰਦਰ): ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੇ ਰੂਪ ਵਿਚ ਮਨਾਇਆ ਜਾਣ ਵਾਲਾ ਦਸਹਿਰੇ ਦਾ ਤਿਊਹਾਰ ਸਮਾਣਾ ਦੇ ਦੁਰਗਾ ਰਾਮਾ ਡਰਾਮਾਟਿਕ ਕਲੱਬ ਵਲੋਂ ਦਸਹਿਰਾ ਗਰਾਉਂਡ ਅਤੇ ਕ੍ਰਿਸ਼ਨਾ ਡਰਾਮਾਟਿਕ ਕਲੱਬ ਵੱਲੋਂ ਨਗਰ ਕੌਂਸਲ ਗਰਾਊਂਡ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵੱਜੋ ਸਾਬਕਾ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ। ਇਸ ਮੌਕੇ ਪ੍ਰਧਾਨ ਵੇਦ ਪ੍ਰਕਾਸ਼, ਜਨਾਰਦਨ ਵਰਮਾ, ਵਿਜੇ ਡਾਵਰ, ਰਾਮ ਬਾਂਸਲ, ਸੰਜੇ ਸਿੰਗਲਾ, ਅਗਰਵਾਲ ਧਰਮਸ਼ਾਲਾ ਕਮੇਟੀ ਪ੍ਰਧਾਨ ਮਦਨ ਮਿੱਤਲ, ਗੋਪਾਲ ਕ੍ਰਿਸ਼ਨ ਗਰਗ, ਸੀਤਾ ਰਾਮ ਗੁਪਤਾ, ਮਨਜੀਤ ਸਿੰਘ ਮਨੀ, ਸੂਨੇਨਾ ਮਿੱਤਲ ਤੇ ਰਿੰਕੂ ਚੋਪੜਾ ਆਦਿ ਹਾਜ਼ਰ ਸਨ।
ਰਾਜਪੁਰਾ ਵਿੱਚ ਚਾਰ ਥਾਵਾਂ ’ਤੇ ਦਸਹਿਰਾ ਮਨਾਇਆ
ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਰਾਜਪੁਰਾ ਵਿੱਚ ਵੱਖ-ਵੱਖ ਥਾਵਾਂ ’ਤੇ ਦਸਹਿਰੇ ਦਾ ਤਿਉਹਾਰ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆਾ ਗਿਆ। ਰਾਜਪੁਰਾ ਵਿੱਚ ਇਸ ਵਾਰ 4 ਥਾਵਾਂ ’ਤੇ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਫੂਕੇ ਗਏ, ਜਦੋਂ ਕਿ ਪਿਛਲੇ ਸਾਲ 6 ਥਾਵਾਂ ਉਪਰ ਫੂਕੇ ਗਏ ਸਨ। ਜਾਣਕਾਰੀ ਅਨੁਸਾਰ ਝੰਡਾ ਗਰਾਊਂਡ ਰਾਜਪੁਰਾ ਵਿੱਚ ਸ੍ਰੀ ਕ੍ਰਿਸ਼ਨਾ ਡਰਾਮਾਟਿਕ ਕਲੱਬ ਵੱਲੋਂ, ਜ਼ਿਮੀਦਾਰਾ ਪਾਰਕ ਪੁਰਾਣਾ ਰਾਜਪੁਰਾ ਵਿੱਚ ਸ੍ਰੀ ਸੇਵਾ ਸਮਿਤੀ ਰਾਮਲੀਲਾ ਕਲੱਬ ਵੱਲੋਂ, ਫੋਕਲ ਪੁਆਇੰਟ ਵਿੱਚ ਸੰਗਮ ਵੈੱਲਫੇਅਰ ਕਲੱਬ ਵੱਲੋਂ ਸ੍ਰੀ ਨੀਲ ਕੰਠ ਸੇਵਾ ਸਮਿਤੀ ਦੇ ਸਹਿਯੋਗ ਨਾਲ ਤੇ ਜਯ ਰਾਮਲੀਲਾ ਕਲੱਬ ਵੱਲੋਂ ਮਿਰਚ ਮੰਡੀ ਵਿੱਚ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੂਤਲੇ ਫੂਕੇ ਗਏ। ਝੰਡਾ ਗਰਾਊਂਡ ਤੇ ਪੁਰਾਣਾ ਰਾਜਪੁਰਾ ਵਿੱਚ ਵਿਧਾਇਕਾ ਨੀਨਾ ਮਿੱਤਲ, ਮਿਰਚ ਮੰਡੀ ਵਿੱਚ ਵਿਧਾਇਕਾ ਦੇ ਪਤੀ ਅਜੈ ਮਿੱਤਲ ਅਤੇ ਫੋਕਲ ਪੁਆਇੰਟ ਵਿੱਚ ਭਾਜਪਾ ਆਗੂ ਜਗਦੀਸ਼ ਕੁਮਾਰ ਜੱਗਾ ਵੱਲੋਂ ਪੁਤਲਿਆਂ ਨੂੰ ਅਗਨੀ ਭੇਟ ਕੀਤੀ ਗਈ।