ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 15 ਜੂਨ
ਸੰਗਰੂਰ ਜ਼ਿਲ੍ਹਾ ਪੁਲੀਸ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿਛਲੇ ਦੋ ਹਫਤਿਆਂ ਦੌਰਾਨ ਨਸ਼ਿਆਂ ਦਾ ਗੈਰਕਾਨੂੰਨੀ ਧੰਦਾ ਕਰਨ ਵਾਲਿਆਂ ਖ਼ਿਲਾਫ਼ 84 ਕੇਸ ਦਰਜ ਕਰਕੇ 111 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ 612 ਗ੍ਰਾਮ ਹੈਰੋਇਨ, 150 ਗ੍ਰਾਮ ਅਫ਼ੀਮ, 800 ਗ੍ਰਾਮ ਚਰਸ, 3290 ਨਸ਼ੀਲੀਆਂ ਗੋਲੀਆਂ ਅਤੇ ਸ਼ਰਾਬ ਆਦਿ ਬਰਾਮਦ ਕੀਤੀ ਗਈ ਹੈ। ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ 1 ਤੋਂ 13 ਜੂਨ ਤੱਕ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਿਆਂ ਦੇ 68 ਕੇਸ ਦਰਜ ਕਰਕੇ 96 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਕਬਜ਼ੇ ’ਚੋ 612 ਗ੍ਰਾਮ ਹੈਰੋਇਨ, 150 ਗ੍ਰਾਮ ਅਫੀਮ, 29 ਕਿਲੋ ਭੁੱਕੀ ਚੂਰਾ ਪੋਸਤ, 800 ਗ੍ਰਾਮ ਚਰਸ, 3290 ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਇਸਤੋਂ ਇਲਾਵਾ ਸ਼ਰਾਬ ਦਾ ਨਜਾਇਜ਼ ਧੰਦਾ ਕਰਨ ਵਾਲਿਆਂ ਖ਼ਿਲਾਫ਼ 16 ਕੇਸ ਦਰਜ ਕਰਕੇ 15 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਕਬਜ਼ੇ ’ਚੋਂ 162.750 ਲੀਟਰ ਸ਼ਰਾਬ ਠੇਕਾ ਦੇਸੀ, 22.500 ਲੀਟਰ ਸ਼ਰਾਬ ਅਤੇ 1040 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੰਗਰੂਰ ਪ੍ਰਸ਼ਾਸ਼ਨ ਵਲੋਂ ਦੋ ਨਸ਼ਾ ਤਸਕਰਾਂ ਵਲੋਂ ਨਗਰ ਕੌਂਸਲ ਦੀ ਜ਼ਮੀਨ ਉਪਰ ਬਣਾਈ ਗੈਰਕਾਨੁੂੰਨੀ ਜਾਇਦਾਦ ਬੁਲਡੋਜ਼ਰ ਨਾਲ ਢਾਹ ਦਿੱਤੀ ਗਈ ਹੈ। ਇਸਤੋਂ ਇਲਾਵਾ ਦਿੜ੍ਹਬਾ ਅਤੇ ਸ਼ੇਰਪੁਰ ਏਰੀਏ ਵਿਚ ਸਥਿਤ ਗੋਦਾਮਾਂ ਵਿਚੋਂ ਕਣਕ ਚੋਰੀ ਕਰਨ ਵਾਲੇ ਗਰੋਹ ਦੇ 9 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ 421 ਗੱਟੇ ਕਣਕ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਨਸ਼ੇ ਦਾ ਧੰਦਾ ਕਰਨ ਵਾਲੇ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ ਤੇ ਨਸ਼ਿਆਂ ਖਿਲਾਫ ਜੰਗ ਜਾਰੀ ਹੈ।