ਨਸ਼ਾ ਤਸਕਰ ਗਰੋਹ ਬੇਨਕਾਬ; 3 ਗ੍ਰਿਫ਼ਤਾਰ
551 ਗ੍ਰਾਮ ਚਿੱਟਾ, 11 ਲੱਖ ਡਰੱਗ ਮਨੀ ਤੇ ਪੈਸੇ ਗਿਣਤੀ ਕਰਨ ਵਾਲੀ ਮਸ਼ੀਨ ਵੀ ਬਰਾਮਦ
ਜ਼ਿਲ੍ਹਾ ਪੁਲੀਸ ਸੰਗਰੂਰ ਨੇ ਨਸ਼ਾ ਤਸਕਰ ਗਰੋਹ ਦਾ ਪਰਦਾਫਾਸ਼ ਕਰਕੇ 551 ਗ੍ਰਾਮ ਚਿੱਟਾ/ਹੈਰੋਇਨ, 11 ਲੱਖ ਰੁਪਏ ਡਰੱਗ ਮਨੀ ਅਤੇ ਪੈਸੇ ਗਿਣਨ ਵਾਲੀ ਮਸ਼ੀਨ ਬਰਾਮਦ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਪੁਲੀਸ ਨੇ ਸੋਹੀਆਂ ਰੋਡ ਤੋਂ ਯਾਦਵਿੰਦਰ ਸਿੰਘ ਉਰਫ ਸਨੀ ਵਾਸੀ ਗੁੱਜਰਾਂ ਥਾਣਾ ਦਿੜ੍ਹਬਾ ਤੇ ਉਸ ਦੇ ਸਾਥੀ ਬਾਰਾ ਸਿੰਘ ਵਾਸੀ ਖਨਾਲ ਕਲਾਂ ਥਾਣਾ ਦਿੜ੍ਹਬਾ ਨੂੰ ਸਮੇਤ ਮੋਟਰਸਾਈਕਲ ਸਣੇ ਕਾਬੂ ਕਰ ਕੇ ਉਨ੍ਹਾਂ ਕੋਲੋਂ 51 ਗ੍ਰਾਮ ਚਿੱਟਾ/ਹੈਰੋਇਨ ਬਰਾਮਦ ਕੀਤੀ ਤੇ ਐਨਡੀਪੀਐਸ ਐਕਟ ਤਹਿਤ ਥਾਣਾ ਸਿਟੀ ਸੰਗਰੂਰ ’ਚ ਕੇਸ ਦਰਜ ਕੀਤਾ। ਐੱਸਐੱਸਪੀ ਨੇ ਦੱਸਿਆ ਕਿ ਤਫਤੀਸ਼ ਦੌਰਾਨ ਮੁਲਜ਼ਮਾਂ ਤੋਂ ਪੁੱਛ ਪੜਤਾਲ ਦੇ ਆਧਾਰ ’ਤੇ ਕੇਸ ’ਚ ਕਰਮਜੀਤ ਕੌਰ ਵਾਸੀ ਜ਼ਿਲ੍ਹਾ ਤਰਨਤਾਰਨ ਹਾਲ ਵਾਸੀ ਜੰਡ ਪੀਰ ਕਲੋਨੀ ਕ੍ਰਿਸ਼ਨ ਐਨਕਲੇਵ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਕੋਲੋਂ 500 ਗ੍ਰਾਮ ਚਿੱਟਾ/ਹੈਰੋਇਨ, 11 ਲੱਖ ਰੁਪਏ ਡਰੱਗ ਮਨੀ ਅਤੇ ਪੈਸਿਆਂ ਦੀ ਗਿਣਤੀ ਕਰਨ ਵਾਲੀ ਮਸ਼ੀਨ ਬਰਾਮਦ ਕੀਤੀ ਗਈ।