ਜ਼ਿਲ੍ਹਾ ਲਾਇਬਰੇਰੀ ਕੰਪਲੈਕਸ ਮੀਂਹ ਦੇ ਪਾਣੀ ’ਚ ਘਿਰਿਆ
ਇੱਥੇ ਬਾਬਾ ਬੰਦਾ ਸਿੰਘ ਬਹਾਦਰ ਜ਼ਿਲ੍ਹਾ ਲਾਇਬਰੇਰੀ ਚਾਰ ਚੁਫੇਰਿਓਂ ਪਾਣੀ ’ਚ ਘਿਰਨ ਕਾਰਨ ਰੋਜ਼ਾਨਾ ਆਉਂਦੇ ਪਾਠਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਨੌਜਵਾਨਾਂ ਨੇ ਉਸ ਸਮੇਂ ਰੋਸ ਜ਼ਾਹਰ ਕੀਤਾ ਗਿਆ ਜਦੋਂ ਲਾਇਬਰੇਰੀ ਦੇ ਸਾਹਮਣੇ ਸਥਿਤ ਜੇ.ਪੀ. ਕਲੋਨੀ ਦਾ ਪਾਣੀ ਲਾਇਬਰੇਰੀ ਵਾਲੀ ਸਾਈਡ ਸੀਵਰੇਜ ਵਿੱਚ ਪਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ। ਇਹ ਪਾਣੀ ਲਾਇਬਰੇਰੀ ਦੇ ਛੋਟੇ ਗੇਟ ਰਾਹੀਂ ਲਾਇਬਰੇਰੀ ਕੰਪਲੈਕਸ ਵਿਚ ਦਾਖਲ ਹੋ ਗਿਆ ਜਿਸ ਤੋਂ ਪਾਠਕ ਖਫ਼ਾ ਹੋ ਗਏ। ਲਗਾਤਾਰ ਪੈ ਰਹੇ ਮੀਂਹ ਕਾਰਨ ਜਿਥੇ ਪਹਿਲਾਂ ਹੀ ਜ਼ਿਲ੍ਹਾ ਲਾਇਬਰੇਰੀ ਦੇ ਕੰਪਲੈਕਸ ਵਿਚ ਪਾਣੀ ਭਰਿਆ ਪਿਆ ਹੈ ਉਥੇ ਜੇ.ਪੀ. ਕਲੋਨੀ ਦਾ ਪਾਣੀ ਵੀ ਕੰਪਲੈਕਸ ਵਿਚ ਦਾਖਲ ਹੋ ਗਿਆ। ਦਰਅਸਲ ਵਿਚ ਜੇ.ਪੀ. ਕਲੋਨੀ ਵੀ ਮੀਂਹ ਦੇ ਪਾਣੀ ਦੀ ਮਾਰ ਝੱਲ ਰਹੀ ਹੈ ਅਤੇ ਜੇ.ਪੀ. ਕਲੋਨੀ ਦੇ ਕਈ ਘਰਾਂ ਵਿਚ ਪਾਣੀ ਦਾਖਲ ਹੋ ਗਿਆ ਸੀ । ਮਾਮਲਾ ਨਗਰ ਕੌਂਸਲ ਕੋਲ ਉਠਾਉਣ ’ਤੇ ਅੱਜ ਨਗਰ ਕੌਂਸਲ ਵਲੋਂ ਜੇ.ਪੀ. ਕਲੋਨੀ ਦੇ ਪਾਣੀ ਦੀ ਨਿਕਾਸੀ ਲਈ ਲਾਇਬਰੇਰੀ ਵਾਲੀ ਸਾਈਡ ਕੰਮ ਸ਼ੁਰੂ ਕੀਤਾ ਗਿਆ ਸੀ ਜਿਸ ਕਾਰਨ ਪਾਣੀ ਲਾਇਬਰੇਰੀ ਕੰਪਲੈਕਸ ਵਿਚ ਦਾਖਲ ਹੋ ਗਿਆ। ਜਿਸ ਕਾਰਨ ਲਾਇਬਰੇਰੀ ਦੇ ਪਾਠਕ ਨੌਜਵਾਨ ਖਫ਼ਾ ਹੋ ਗਏ। ਇਸ ਮੌਕੇ ਨੌਜਵਾਨ ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ, ਜਰਮਨਜੀਤ ਸਿੰਘ, ਸੰਦੀਪ ਕੁਮਾਰ, ਰੁਪਿੰਦਰ ਸਿੰਘ ਅਤੇ ਮਨਦੀਪ ਸਿੰਘ ਨੇ ਦੱਸਿਆ ਕਿ ਲਾਇਬਰੇਰੀ ਵਿਚ ਰੋਜ਼ਾਨਾ ਕਰੀਬ 250/300 ਨੌਜਵਾਨ ਪੜ੍ਹਨ ਲਈ ਆਉਂਦੇ ਹਨ। ਲਾਇਬਰੇਰੀ ਕੰਪਲੈਕਸ ਪਹਿਲਾਂ ਹੀ ਪਾਣੀ ਨਾਲ ਭਰਿਆ ਪਿਆ ਹੈ ਜਿਸ ਕਾਰਨ ਨੌਜਵਾਨਾਂ ਨੂੰ ਪਾਣੀ ’ਚੋਂ ਲੰਘ ਕੇ ਲਾਇਬਰੇਰੀ ਵਿਚ ਦਾਖਲ ਹੋਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਨਗਰ ਕੌਂਸਲ ਵਲੋਂ ਜੇ.ਪੀ. ਕਲੋਨੀ ਦਾ ਪਾਣੀ ਲਾਇਬਰੇਰੀ ਵੱਲ ਕੱਢਣ ਕਾਰਨ ਪਾਣੀ ਕੰਪਲੈਕਸ ਵਿਚ ਹੋਰ ਭਰ ਗਿਆ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਨੂੰ ਲਾਇਬਰੇਰੀ ਕੰਪਲੈਕਸ ਵਿਚ ਖੜ੍ਹੇ ਪਾਣੀ ਦੀ ਨਿਕਾਸੀ ਵੱਲ ਧਿਆਨ ਦੇਣਾ ਚਾਹੀਦਾ ਸੀ ਪਰ ਹੋਰ ਪਾਣੀ ਦਾਖਲ ਹੋਣ ਕਾਰਨ ਸਮੱਸਿਆ ਵਧ ਗਈ ਹੈ। ਜ਼ਿਲ੍ਹਾ ਲਾਇਬਰੇਰੀ ’ਚ ਡਿਊਟੀ ’ਤੇ ਤਾਇਨਾਤ ਯਾਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਰੋਜ਼ਾਨਾ 250/300 ਨੌਜਵਾਨ ਲਾਇਬਰੇਰੀ ਆਉਂਦੇ ਹਨ ਜੋ ਟੈਸਟਾਂ ਆਦਿ ਦੀ ਤਿਆਰੀ ਕਰਦੇ ਹਨ। ਕੰਪਲੈਕਸ ਅੰਦਰ ਪਾਣੀ ਖੜ੍ਹਨ ਕਾਰਨ ਭਾਰੀ ਮੁਸਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦਾ ਹੱਲ ਹੋਣਾ ਜ਼ਰੂਰੀ ਹੈ।
ਇਸ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਮੌਕੇ ’ਤੇ ਪੁੱਜੇ ਅਤੇ ਨੌਜਵਾਨ ਪਾਠਕਾਂ ਨਾਲ ਗੱਲਬਾਤ ਕਰਦਿਆਂ ਭਰੋਸਾ ਦਿਵਾਇਆ ਕਿ ਲਾਇਬਰੇਰੀ ਕੰਪਲੈਕਸ ’ਚੋਂ ਪਾਣੀ ਦੀ ਨਿਕਾਸੀ ਜਲਦ ਕਰਵਾ ਦਿੱਤੀ ਜਾਵੇਗੀ ਅਤੇ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।