‘ਇੱਕ ਸਦੀ ਦੀ ਮੌਤ’ ਨਾਵਲ ’ਤੇ ਚਰਚਾ
ਸਥਾਨਕ ਪੰਜਾਬੀ ਸਾਹਿਤ ਸਭਾ ਦਾ ਮਹੀਨਾਵਾਰ ਸਾਹਿਤਕ ਸਮਾਗਮ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਵਿਖੇ ‘ਇੱਕ ਸਦੀ ਦੀ ਮੌਤ’ ’ਤੇ ਵਿਚਾਰ ਗੋਸ਼ਟੀ ਅਤੇ ਕਵੀ ਦਰਬਾਰ ਵਜੋਂ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ...
ਸਥਾਨਕ ਪੰਜਾਬੀ ਸਾਹਿਤ ਸਭਾ ਦਾ ਮਹੀਨਾਵਾਰ ਸਾਹਿਤਕ ਸਮਾਗਮ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਵਿਖੇ ‘ਇੱਕ ਸਦੀ ਦੀ ਮੌਤ’ ’ਤੇ ਵਿਚਾਰ ਗੋਸ਼ਟੀ ਅਤੇ ਕਵੀ ਦਰਬਾਰ ਵਜੋਂ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਨਾਵਲਕਾਰ ਮਿੱਤਰ ਸੈਨ ਮੀਤ, ਵਿਸ਼ੇਸ਼ ਮਹਿਮਾਨ ਡਾ. ਸੰਤੋਖ ਸਿੰਘ ਸੁੱਖੀ ਖੋਜ ਅਫ਼ਸਰ ਭਾਸ਼ਾ ਵਿਭਾਗ, ਸਰਬਜੀਤ ਕੌਰ ਢਿੱਲੋਂ (ਸਾਹਿਤਕਾਰ), ਪ੍ਰਿੰਸੀਪਲ ਕਿਰਪਾਲ ਸਿੰਘ ਜਵੰਧਾ, ਸੁਰਿੰਦਰ ਸ਼ਰਮਾ ਨਾਗਰਾ, ਈਸ਼ਵਰ ਚੰਦ ਪ੍ਰੇਮੀ ਅਤੇ ਨਾਵਲ ਦੇ ਲੇਖਕ ਜਗਦੇਵ ਸ਼ਰਮਾ ਬੁਗਰਾ ਸ਼ਾਮਲ ਹੋਏ।
ਸਮਾਗਮ ਦੇ ਸ਼ੁਰੂ ਵਿੱਚ ਸਦੀਵੀ ਵਿਛੋੜਾ ਦੇ ਗਏ ਲੇਖਕਾਂ, ਕਲਾਕਾਰਾਂ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇੱਕ ਵੱਖਰੇ ਮਤੇ ਰਾਹੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਵੱਲੋਂ ਵਿੱਢੇ ਸੰਘਰਸ਼ ਦਾ ਸਮਰਥਨ ਕੀਤਾ ਗਿਆ ।
ਸਭਾ ਦੇ ਮਰਹੂਮ ਪ੍ਰਧਾਨ ਅਤੇ ਸਰਬਾਂਗੀ ਸਾਹਿਤਕਾਰ ਰਾਮ ਲਾਲ ਪ੍ਰੇਮੀ ਨੂੰ ਸਮਰਪਿਤ ਇਸ ਸਮਾਰੋਹ ਵਿੱਚ ਉਨ੍ਹਾਂ ਦੀ ਯਾਦ ਵਿੱਚ ਲੋਕ ਸਾਹਿਤ ਮੰਚ ਲੁਧਿਆਣਾ ਵੱਲੋਂ ਦਿੱਤਾ ਜਾਂਦਾ ਇਸ ਸਾਲ ਦਾ ਐਵਾਰਡ ਜਗਦੇਵ ਸ਼ਰਮਾ ਬੁਗਰਾ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਉਪਰੰਤ ਉਨ੍ਹਾਂ ਦੇ ਨਾਵਲ ਦੇ ਖਰੜੇ ਉੱਪਰ ਦੋ ਪਰਚੇ ਗਗਨਦੀਪ ਸਿੰਘ ਬੁਗਰਾ ਅਤੇ ਰਾਮ ਚੰਦ ਸ਼ਰਮਾ ਜੱਖਲਾਂ ਵੱਲੋਂ ਪੇਸ਼ ਕੀਤੇ ਗਏ। ਮਿੱਤਰ ਸੈਨ ਮੀਤ ਵੱਲੋਂ ਨਾਵਲ ਦੇ ਵਿਧੀ ਵਿਧਾਨ ਬਾਰੇ ਵਿਚਾਰ ਸਾਂਝੇ ਕਰਦਿਆਂ ਨਾਵਲ ਦੀ ਤਾਰੀਫ਼ ਕੀਤੀ ਗਈ।

