ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ ਉੱਘੇ ਪੰਜਾਬੀ ਸ਼ਾਇਰ ਸ਼ਮੀਲ ਦੀ ਨਵੀਂ ਪੁਸਤਕ ‘ਤੇਗ ਦੇ ਅੰਗ-ਸੰਗ ਕੁਝ ਪਲ’ ਸਿਰਲੇਖ ਤਹਿਤ ਵਿਚਾਰ-ਗੋਸ਼ਟੀ ਕਰਵਾਈ ਗਈ। ਸਮਾਗਮ ਦੀ ਅਗਵਾਈ ਕਰਦਿਆਂ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ‘ਪੰਜਾਬੀ’ ਨੇ ਕਿਹਾ ਕਿ ਸੱਤ ਪੁਸਤਕਾਂ ਦੇ ਰਚੇਤਾ ਸ਼ਾਇਰ ਸ਼ਮੀਲ ਨੇ ਪੰਜਾਬੀ ਕਵਿਤਾ ਨੂੰ ਨਵਾਂ ਮੁਹਾਵਰਾ ਦਿੱਤਾ ਹੈ।
ਸ਼ਾਇਰ ਸ਼ਮੀਲ ਨੇ ਆਪਣੀ ਪੁਸਤਕ ‘ਤੇਗ’ ਵਿਚਲੀਆਂ ਕਵਿਤਾਵਾਂ ਦੇ ਪਿਛੋਕੜ ਅਤੇ ਰਚਨਾ ਪਲਾਂ ਦੇ ਗੁੱਝੇ ਰਹੱਸਾਂ ਨਾਲ ਸਾਂਝ ਪੁਆਈ। ਉਨ੍ਹਾਂ ਦੱਸਿਆ ਕਿ ਜਦੋਂ ਉਸ ਨੇ ਸ੍ਰੀ ਦਸਮ ਗ੍ਰੰਥ ਪੜ੍ਹਨਾ ਸ਼ੁਰੂ ਕੀਤਾ ਤਾਂ ਕੁਝ ਕਵਿਤਾਵਾਂ ਸਹਿਜੇ ਹੀ ਉਸਦੇ ਮਨ ਵਿੱਚ ਪੈਦਾ ਹੋਣੀਆਂ ਆਰੰਭ ਹੋ ਗਈਆਂ, ਜੋ ਸਮੂਹਿਕ ਰੂਪ ਵਿਚ ਇਸ ਕਾਵਿ-ਪੁਸਤਕ ਦਾ ਆਧਾਰ ਬਣੀਆਂ। ਵਿਭਾਗ ਦੇ ਸਾਬਕਾ ਮੁਖੀ ਡਾ. ਗੁਰਮੁਖ ਸਿੰਘ ਨੇ ਦੱਸਿਆ ਕਿ ਸ਼ਾਇਰ ਇਸ ਸਮੇਂ ਕੈਨੇਡਾ ਵਿੱਚ ਪ੍ਰਸਾਰਿਤ ਹੋਣ ਵਾਲੇ ਰੈੱਡ ਐੱਫ ਐੱਮ ਉੱਤੇ ਪ੍ਰਾਈਮ-ਟਾਈਮ ਪ੍ਰੋਗਰਾਮ ਕਰ ਰਹੇ ਹਨ।
ਸਮਾਗਮ ਵਿੱਚ ਸ਼ਾਮਲ ਨਾਵਲਕਾਰ ਜਸਬੀਰ ਮੰਡ ਵੱਲੋਂ ਸ਼ਮੀਲ ਬਾਰੇ ਬਹੁਤੀਆਂ ਗੱਲਾਂ ਆਪਣੇ ਨਿੱਜੀ ਰਿਸ਼ਤੇ ਨੂੰ ਆਧਾਰ ਬਣਾ ਕੇ ਕੀਤੀਆਂ। ਉਨ੍ਹਾਂ ਕਿਹਾ ਕਿ ਸਾਹਿਤਕ ਸੰਸਾਰ ਵਿੱਚ ਉਨ੍ਹਾਂ ਦੀ ਮੁੜ ਵਾਪਸੀ ਕਰਨ ਵਿੱਚ ਸ਼ਮੀਲ ਦਾ ਵੱਡਾ ਹੱਥ ਹੈ। ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਇਸ ਸਮੇਂ ਦੇ ਪੰਜਾਬੀ ਸਾਹਿਤ ਵਿੱਚੋਂ ਜਿਹੜੇ ਵੱਡੇ ਸਾਹਿਤਕਾਰਾਂ ਦਾ ਨਾਮ ਲਿਆ ਜਾ ਸਕਦਾ ਹੈ, ਉਨ੍ਹਾਂ ਵਿੱਚ ਸ਼ਮੀਲ ਤੇ ਜਸਬੀਰ ਮੰਡ ਸ਼ਾਮਲ ਹਨ। ਸਾਹਿਤ ਸਭਾ ਦੇ ਇੰਚਾਰਜ ਡਾ. ਗੁਰਸੇਵਕ ਸਿੰਘ ਲੰਬੀ ਨੇ ਮੰਚ ਸੰਚਾਲਨ ਕੀਤਾ।
ਇਸ ਮੌਕੇ ਡੀਨ ਭਾਸ਼ਾਵਾਂ ਡਾ. ਬਲਵਿੰਦਰ ਕੌਰ ਸਿੱਧੂ, ਦਲਜੀਤ ਅਮੀ, ਰਾਜੀਵ ਕੁਮਾਰ, ਡਾ. ਰਾਜਮੋਹਿੰਦਰ ਕੌਰ, ਡਾ. ਰਵਿੰਦਰ ਕੌਰ, ਡਾ. ਮਨਿੰਦਰ ਕੌਰ, ਡਾ. ਸਰਬਜੀਤ ਕੌਰ, ਡਾ. ਗਿੰਦਰ ਸਿੰਘ ਅਤੇ ਡਾ. ਗੁਰਪ੍ਰੀਤ ਸਿੰਘ ਆਦਿ ਸ਼ਾਮਲ ਸਨ।

