ਅੰਗਹੀਣਾਂ ਤੇ ਵਿਧਵਾਵਾਂ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ
ਏਕਤਾ ਹੈਂਡੀਕੈਪਡ ਐਂਡ ਵਿਧਵਾ ਵੈੱਲਫੇਅਰ ਸੁਸਾਇਟੀ ਮਾਲੇਰਕੋਟਲਾ ਵੱਲੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਸੂਬਾਈ ਪ੍ਰਧਾਨ ਮਹਿਮੂਦ ਅਹਿਮਦ ਥਿੰਦ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਮਹਿਮੂਦ ਅਹਿਮਦ ਥਿੰਦ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਸੂਬੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਦਿਵਿਆਂਗ ਵਿਅਕਤੀਆਂ ਅਤੇ ਵਿਧਵਾ ਔਰਤਾਂ ਦੀ ਪੈਨਸ਼ਨ 1500 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 2500 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ ਪਰ ਸਰਕਾਰ ਨੇ ਆਪਣੇ ਕਾਰਜ ਕਾਲ ਦਾ ਸਾਢੇ ਤਿੰਨ ਸਾਲ ਦਾ ਸਮਾਂ ਬੀਤ ਜਾਣ ’ਤੇ ਵੀ ਪੈਨਸ਼ਨ ਵਿੱਚ ਕੋਈ ਵੀ ਵਾਧਾ ਨਹੀਂ ਕੀਤਾ। ਇਸ ਲਈ ਮਜਬੂਰ ਹੋ ਕੇ ਦਿਵਿਆਂਗਜ ਵਿਅਕਤੀਆਂ ਅਤੇ ਵਿਧਵਾ ਔਰਤਾਂ ਨੂੰ ਧਰਨਾ ਲਾ ਕੇ ਸਰਕਾਰ ਤੋ ਮੰਗ ਕਰਨੀ ਪੈ ਰਹੀ ਹੈ ਕਿ ਜਲਦੀ ਹੀ ਪੈਨਸ਼ਨ ਵਿੱਚ ਵਾਧਾ ਕੀਤਾ ਜਾਵੇ। ਸੁਸਾਇਟੀ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਕਿ ਪੰਚਾਇਤੀ, ਨਗਰ ਕੌਂਸਲ, ਨਗਰ ਨਿਗਮ, ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਲਈ ਦੌਰਾਨ ਦਿਵਿਆਂਗ ਵਿਅਕਤੀਆਂ ਅਤੇ ਵਿਧਵਾਵਾਂ ਲਈ ਸੀਟਾਂ ਵਿੱਚ ਰਾਂਖਵਾਕਰਨ ਦਾ ਬਿੱਲ ਪਾਸ ਕਰੇ, ਸਰਕਾਰੀ ਵਿਭਾਗਾਂ ਵਿੱਚ ਦਿਵਿਆਂਗਾਂ ਦੀਆਂ ਜੋ ਖ਼ਾਲੀ ਅਸਾਮੀਆਂ ਜਲਦੀ ਭਰੀਆਂ ਜਾਣ, ਵਿਸ਼ੇਸ਼ ਖੇਡ ਸਕੂਲ ਸਥਾਪਤ ਕੀਤੇ ਜਾਣ, ਰਾਜ ਵਿੱਚ ਸਲਾਹਕਾਰ ਸੰਮਤੀ ਦਾ ਗਠਨ ਕੀਤਾ ਜਾਵੇ ਅਤੇ ਦਿਵਿਆਂਗ ਅਧਿਕਾਰ ਅਧਿਨਿਯਮ ਨੂੰ ਪੂਰਨ ਰੂਪ ਵਿੱਚ ਲਾਗੂ ਕੀਤਾ ਜਾਵੇ, ਸਰਕਾਰੀ ਨੌਕਰੀ ਵਿੱਚ 40 ਫ਼ੀਸਦੀ ਰਾਖਵਾਂਕਰਨ ਦਿੱਤਾ ਜਾਵੇ, ਪਿਛਲੇ ਪੰਜ ਸਾਲਾਂ ਤੋਂ ਕੱਚੇ ਤੌਰ ’ਤੇ ਸਰਕਾਰੀ ਅਦਾਰਿਆਂ ਵਿੱਚ ਕੰਮ ਕਰਦੇ ਦਿਵਿਆਂਗ ਵਿਅਕਤੀਆਂ ਨੂੰ ਪੱਕਾ ਕੀਤਾ ਜਾਵੇ। ਜਾਣਕਾਰੀ ਅਨੁਸਾਰ ਇਹ ਧਰਨਾ ਲਗਾਤਾਰ ਢਾਈ ਘੰਟੇ ਚੱਲਦਾ ਰਿਹਾ। ਇਸ ਦੌਰਾਨ ਜਦੋਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੰਗ ਪੱਤਰ ਲੈਣ ਨਹੀਂ ਪਹੁੰਚਿਆ ਤਾਂ ਧਰਨਾਕਾਰੀਆਂ ਨੇ ਸੜਕ ’ਤੇ ਜਾਮ ਲਾ ਦਿੱਤਾ।
ਸੜਕ ਜਾਮ ਕਰਨ ਤੋਂ ਬਾਅਦ ਹੀ ਦਸ ਮਿੰਟਾਂ ਵਿੱਚ ਹੀ ਤਹਿਸੀਲਦਾਰ ਰਿਤੂ ਗੁਪਤਾ ਮੰਗ ਪੱਤਰ ਲੈਣ ਲਈ ਪਹੁੰਚ ਗਈ। ਤਹਿਸੀਲਦਾਰ ਰਿਤੂ ਗੁਪਤਾ ਵੱਲੋਂ ਮੰਗ ਪੱਰਤ ਲੈਣ ਤੋਂ ਬਾਅਦ ਧਰਨਾ ਚੁੱਕਿਆ ਗਿਆ। ਇਸ ਮੌਕੇ ਮੁਹੰਮਦ ਜ਼ਾਹਿਦ ਮੀਤ ਪ੍ਰਧਾਨ, ਸ਼ਮੀਮ ਬੂਖ਼ਾਰੀ, ਇਮਰਾਨ, ਫ਼ਕੀਰ ਮੁਹੰਮਦ, ਯਾਸਮੀਨ, ਅਫ਼ਰਾਜ਼ ਅਲੀ ਤੇ ਮੁਹੰਮਦ ਸ਼ਕੀਲ ਆਦਿ ਹਾਜ਼ਰ ਸਨ।