ਧੂਰੀ ਵਿਕਾਸ ਮੰਚ ਦਾ ਵਫ਼ਦ ਮੁੱਖ ਮੰਤਰੀ ਦੇ ਓ ਐੱਸ ਡੀ ਨੂੰ ਮਿਲਿਆ
ਧੂਰੀ ਵਿਕਾਸ ਮੰਚ ਦਾ ਵਫ਼ਦ ਮੰਚ ਦੇ ਪ੍ਰਧਾਨ ਅਮਨ ਗਰਗ ਅਤੇ ਜਨਰਲ ਸਕੱਤਰ ਹੰਸ ਰਾਜ ਬਜਾਜ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੇ ਓ ਐੱਸ ਡੀ ਸੁਖਵੀਰ ਸਿੰਘ ਨੂੰ ਸਥਾਨਕ ਮੁੱਖ ਮੰਤਰੀ ਦਫ਼ਤਰ ਵਿੱਚ ਮਿਲਿਆ। ਵਫ਼ਦ ਦੇ ਉੱਪ ਚੇਅਰਮੈਨ ਐਡਵੋਕਟ ਰਾਜੇਸ਼ਵਰ ਚੌਧਰੀ ਨੇ ਦੱਸਿਆ ਕਿ ਵਫ਼ਦ ਵੱਲੋਂ ਮੰਗ ਪੱਤਰ ਰਾਹੀਂ ਸ਼ਹਿਰ ਦੀਆ ਸਮੱਸਿਆ ਵਾਰੇ ਜਾਣੂ ਕਰਵਾਇਆ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ ਐੱਸ ਡੀ. ਸੁਖਵੀਰ ਸਿੰਘ ਨੇ ਪੁਲ ਬਾਰੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੁਲ ਬਣਾਉਣ ਤੋਂ ਇਲਾਵਾ ਸ਼ਹਿਰ ਦੀਆਂ ਸਾਰੀਆਂ ਮੁਸਕਲਾ ਦਾ ਹੱਲ ਜਲਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਰਸਾਤੀ ਪਾਣੀ ਦੇ ਨਿਕਾਸ ਲਈ ਪਾਈਪਾਂ ਵਿਛਾਉਣ ਸਬੰਧੀ ਤਕਨੀਕੀ ਰਾਏ ਲਈ ਜਾ ਰਹੀ ਹੈ ਤੇ ਐਸ.ਟੀ.ਪੀ. ਪਲਾਂਟ ਦਾ ਕੰਮ ਜਲਦੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਕੈਂਪਸ ਦਫ਼ਤਰ ਦੇ ਇੰਚਾਰਜ ਰਾਜਵੰਤ ਸਿੰਘ ਘੁੱਲੀ, ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ, ਵਕਫ਼ ਬੋਰਡ ਦੇ ਮੈਂਬਰ ਡਾ. ਅਨਵਰ ਭਸੌੜ, ਸਾਬਕਾ ਪ੍ਰਧਾਨ ਸੰਦੀਪ ਤਾਇਲ ਤੇ ਪੰਜਾਬ ਸਮਾਲ ਸਕੇਲ ਦੇ ਡਾਇਰੈਕਟਰ ਅਨਿਲ ਮਿੱਤਲ ਆਦਿ ਹਾਜ਼ਰ ਸਨ।