ਧੂਰੀ: ਨਵੇਂ ਰਜਬਾਹੇ ਲਈ ਜ਼ਮੀਨ ਐਕੁਆਇਰ ਕਰਨ ਬਾਰੇ ਚਰਚਾ
ਬੀਰਬਲ ਰਿਸ਼ੀ
ਧੂਰੀ/ਸ਼ੇਰਪੁਰ, 16 ਅਪਰੈਲ
ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ਅਤੇ ਨਾਲ ਲੱਗਦੇ ਹੋਰ ਹਲਕਿਆਂ ਦੇ ਪਿੰਡਾਂ ’ਚੋਂ ਨਿੱਕਲਣ ਵਾਲੇ ਨਵੇਂ ਰਜਬਾਹੇ ਸਬੰਧੀ ਅੱਜ ਨਹਿਰੀ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਐੱਸਈ ਸੁਖਜੀਤ ਸਿੰਘ ਭੁੱਲਰ, ਜ਼ਮੀਨ ਐਕੁਆਇਰ ਕਮੇਟੀ ਦੇ ਚੇਅਰਮੈਨ ਕੇਐੱਸ ਸਿੱਧੂ (ਸੇਵਾਮੁਕਤ ਆਈਏਐੱਸ) ਅਤੇ ਸਕੱਤਰ ਗੁਰਦੀਪ ਸਿੰਘ, ਪੰਜਾਬ ਯੂਨੀਵਰਸਿਟੀ ਤੋਂ ਅਰਥ ਸ਼ਾਸਤਰੀ ਡਾ. ਸੁੱਚਾ ਸਿੰਘ ਆਦਿ ਵੱਲੋਂ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਤੇ ਸਬੰਧਤ ਪਿੰਡਾਂ ਦੇ ਸਰਪੰਚਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਜ਼ਮੀਨ ਐਕੁਆਇਰ ਕਰਨ ਬਾਰੇ ਵਿਚਾਰ ਵਿਟਾਂਦਰਾ ਕੀਤਾ ਗਿਆ। ਮੀਟਿੰਗ ਬਾਰੇ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਕਮੇਟੀ ਮੈਂਬਰ ਮੱਘਰ ਸਿੰਘ ਭੂਦਨ, ਸੁਖਵਿੰਦਰ ਸਿੰਘ ਚੂੰਘਾਂ, ਪਰਮੇਲ ਸਿੰਘ ਹਥਨ ਅਤੇ ਹਰਜੀਤ ਸਿੰਘ ਬਧੇਸ਼ਾ ਨੇ ਦੱਸਿਆ ਕਿ ਰਜਬਾਹਾ ਮਾਹੋਰਾਣਾ ’ਚੋਂ ਚੱਲ ਰਹੀ ਮਾਈਨਰ ਨੂੰ ਰੀ-ਮਾਡਲਿੰਗ ਕਰਕੇ ਮਹਿਜ਼ 28 ਕਿਊਸਕ ਤੋਂ 200 ਕਿਊਸਕ ਪਾਣੀ ਵਾਲਾ ਨਵਾਂ ਰਜਬਾਹਾ ਬਣਾਇਆ ਜਾ ਰਿਹਾ ਹੈ। ਇਸ ਨਾਲ ਹਲਕਾ ਧੂਰੀ, ਅਮਰਗੜ੍ਹ, ਮਾਲੇਰਕੋਟਲਾ ਅਤੇ ਮਹਿਲ ਕਲਾਂ ਦੇ ਤਕਰੀਬਨ 38 ਪਿੰਡਾਂ ਨੂੰ ਲਾਭ ਮਿਲੇਗਾ। ਇਸ ਰਜਬਾਹੇ ਤੋਂ 54 ਹਜ਼ਾਰ ਏਕੜ ਰਕਬਾ ਸਿੰਜਾਈ ਕਰਨ ਦੇ ਸਮਰੱਥ ਹੋਵੇਗਾ। ਆਗੂਆਂ ਅਨੁਸਾਰ ਉਕਤ ਰਾਜਬਾਹੇ ਲਈ 288 ਏਕੜ ਜ਼ਮੀਨ ਐਕੁਆਇਰ ਹੋਵੇਗੀ। ਵਿਭਾਗ ਨੇ ਰਜਬਾਹੇ ਸਬੰਧੀ ਲੋਕਾਂ ਨਾਲ ਕੀਤੀ ਗੱਲਬਾਤ ਤੇ ਹਰ ਤਰ੍ਹਾਂ ਦੀ ਗਤੀਵਿਧੀ ’ਤੇ ਚਾਨਣਾ ਪਾਉਂਦਾ 255 ਪੰਨਿਆਂ ਦਾ ਇੱਕ ਕਿਤਾਬਚਾ ਵੀ ਜਾਰੀ ਕੀਤਾ ਹੈ ਜੋ ਸੰਘਰਸ਼ ਕਮੇਟੀ ਤੇ ਸਬੰਧਤ ਪਿੰਡਾਂ ਦੇ ਸਰਪੰਚਾਂ ਤੱਕ ਪੁੱਜਦਾ ਕੀਤਾ ਗਿਆ ਹੈ। ਮੀਟਿੰਗ ਵਿੱਚ ਪੰਚਾਇਤ ਯੂਨੀਅਨ ਦੀ ਤਰਫ਼ੋਂ ਪੁੱਜੇ ਸਰਪੰਚ ਜਸਵਿੰਦਰ ਸਿੰਘ ਘਨੌਰ, ਹਰਭਜਨ ਸਿੰਘ ਚੁੰਘਾਂ, ਦਰਸ਼ਨ ਸਿੰਘ ਚਾਂਗਲੀ, ਸਰਪੰਚ ਮਨਵੀਰ ਬੜੀ ਅਤੇ ਹੋਰਨਾਂ ਨੇ ਰਜਬਾਹੇ ਸਬੰਧੀ ਵਿਭਾਗ ਦਾ ਧੰਨਵਾਦ ਕਰਦਿਆਂ ਹਰ ਤਰ੍ਹਾਂ ਦੇ ਸਹਿਯੋਗ ਦੀ ਪੇਸ਼ਕਸ਼ ਕੀਤੀ। ਨਹਿਰੀ ਵਿਭਾਗ ਦੇ ਐੱਸਈ ਸੁਖਜੀਤ ਸਿੰਘ ਭੁੱਲਰ ਨੇ ਮੀਟਿੰਗ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅੱਜ ਪੰਜਾਬ ਯੂਨੀਵਰਸਿਟੀ ਤੋਂ ‘ਐਕਸਪਰਟ ਗਰੁੱਪ’ ਦੀ ਮੀਟਿੰਗ ਸੀ ਜਿਸ ਵੱਲੋਂ ਉਕਤ ਪ੍ਰਾਜੈਕਟ ਸਬੰਧੀ ‘ਸੋਸ਼ਲ ਇੰਮਪੈਕਟ ਅਸੈਸਮੈਂਟ ਸਟੱਡੀ ਸਬੰਧੀ ਰਿਪੋਰਟ ਦਿੱਤੀ ਜਾਣੀ ਹੈ।