ਸ਼ਹਿਰ ਦੇ ਅੰਦਰ ਜਾਂਦੀ ਮੁੱਖ ਸੜਕ ਉੱਪਰ ਮੀਂਹ ਪੈਣ ਤੋਂ ਬਾਅਦ ਸੀਵਰੇਜ ਦੇ ਢੱਕਣਾਂ ਦੇ ਆਲੇ-ਦੁਆਲੇ ਡੂੰਘੇ ਟੋਏ ਪੈ ਚੁੱਕੇ ਹਨ ਤੇ ਸੜਕ ਵੀ ਟੁੱਟਣ ਲੱਗੀ ਹੈ ਜਿਸ ਕਾਰਨ ਰਾਤ ਸਮੇਂ ਸਥਿਤੀ ਗੰਭੀਰ ਬਣ ਜਾਂਦੀ ਹੈ। ਸ਼ਹਿਰ ਦੇ ਲੋਕਾਂ ਨੇ ਕਿਹਾ ਕਿ ਇਸ ਸੜਕ ਉੱਪਰ ਅੱਧੀ ਦਰਜਨ ਤੋਂ ਵੱਧ ਅਜਿਹੇ ਢੱਕਣ ਹਨ ਜਿਨ੍ਹਾਂ ਦੇ ਆਲੇ-ਦੁਆਲੇ ਸੜਕ ਟੁੱਟ ਚੁੱਕੀ ਹੈ ਤੇ ਟੋਏ ਪੈ ਚੁੱਕੇ ਹਨ ਜਿਨ੍ਹਾਂ ਨੂੰ ਠੀਕ ਕਰਨ ਲਈ ਨਗਰ ਕੌਂਸਲ ਧੂਰੀ ਦਾ ਕੋਈ ਵੀ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ ਜਦਕਿ ਇਹ ਮੁੱਖ ਸੜਕ ਹੋਣ ਕਾਰਨ ਇਸ ਉੱਪਰੋਂ ਸਿਆਸੀ ਤੇ ਗੈਰ-ਸਿਆਸੀ ਆਗੂਆਂ ਤੋਂ ਇਲਾਵਾ ਸ਼ਹਿਰ ਦੇ ਲੋਕ ਆਪਣੇ ਵਾਹਨਾਂ ਉੱਪਰੋਂ ਲੰਘਦੇ ਹਨ ਪਰ ਫਿਰ ਵੀ ਇਹ ਢੱਕਣ ਤੇ ਟੋਏ ਠੀਕ ਨਹੀਂ ਹੋਏ।
ਦੂਸਰੇ ਪਾਸੇ ਕਾਂਗਰਸੀ ਆਗੂ ਹਰਦੀਪ ਸਿੰਘ ਦੌਲਤਪੁਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਸੀ ਪਰ ਉਸ ਉੱਪਰ ਅੱਜ ਤੱਕ ਕੋਈ ਅਮਲ ਨਹੀਂ ਹੋਇਆ। ਉਨ੍ਹਾਂ ਕਿਹਾ ਸ਼ਹਿਰ ਦੀਆਂ ਹੋਰ ਵੀ ਸਮੱਸਿਆਵਾਂ ਜਿਵੇਂ ਕ੍ਰਾਂਤੀ ਚੌਕ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਤੇ ਸ਼ਹਿਰ ਦੇ ਮੁਹੱਲਿਆਂ ਵਿੱਚ ਸੀਵਰੇਜ ਸਿਸਟਮ ਦੀ ਸਫ਼ਾਈ ਬਾਰੇ ਵੀ ਅਧਿਕਾਰੀਆਂ ਨੂੰ ਸਮੇਂ-ਸਮੇਂ ’ਤੇ ਸੂਚਿਤ ਕੀਤਾ ਗਿਆ ਸੀ ਪਰ ਅਫ਼ਸੋਸ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਮੰਗ ਕੀਤੀ ਇਨ੍ਹਾਂ ਮੁਸ਼ਕਲਾਂ ਦਾ ਹੱਲ ਛੇਤੀ ਕੀਤਾ ਜਾਵੇ। ਇਸ ਦੌਰਾਨ ਨਗਰ ਕੌਂਸਲ ਦੀ ਪ੍ਰਧਾਨ ਪੁਸ਼ਪਾ ਰਾਣੀ ਤਾਇਲ ਨੇ ਕਿਹਾ ਇਨ੍ਹਾਂ ਮੁਸ਼ਕਲਾਂ ਦਾ ਹੱਲ ਛੇਤੀ ਤੋਂ ਛੇਤੀ ਕਰ ਦਿੱਤਾ ਜਾਵੇਗਾ।