ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ਦੇ ਬਜ਼ਾਰ ਅੰਦਰਲੇ ਪੁਲ ਬਣਾਏ ਜਾਣ ਸਬੰਧੀ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ’ਤੇ ਅੜਿੱਕੇ ਡਾਹੁਣ ਦੇ ਦੋਸ਼ ਲਗਾਉਂਦਿਆਂ ਆਮ ਆਦਮੀ ਪਾਰਟੀ ਨੇ 15 ਸਤੰਬਰ ਨੂੰ ਬਿੱਟੂ ਦਾ ਪੁਤਲਾ ਫੂਕਣ ਦਾ ਹਲਕਾ ਪੱਧਰੀ ਪ੍ਰੋਗਰਾਮ ਉਲੀਕਿਆ ਹੈ।
ਮੁੱਖ ਮੰਤਰੀ ਦਫ਼ਤਰ ਧੂਰੀ ਵੱਲੋਂ ਪਿੰਡਾਂ ਵਿੱਚ ਪਾਰਟੀ ਦੇ ਆਗੂ ਵਰਕਰਾਂ ਨੂੰ ਲਗਾਏ ਜਾ ਰਹੇ ਸੁਨੇਹਿਆਂ ਦੌਰਾਨ ਕੇਂਦਰੀ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਉਹ ਵੀਡੀਓ ਵੀ ਖਾਸ ਤੌਰ ’ਤੇ ਭੇਜੀ ਜਾ ਰਹੀ ਹੈ, ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਹੈ ਕਿ ਪੰਜਾਬ ਸਰਕਾਰ ਦੀ ਮਨਜ਼ੂਰੀ ਨਾ ਮਿਲਣ ਕਾਰਨ ਕੁੱਝ ਪੁਲਾਂ ਦਾ ਕੰਮ ਰੁਕਿਆ ਹੋਇਆ ਹੈ। ਧੂਰੀ ਦਾ ਪੁਲ ਉਸ ਦਿਨ ਬਣੇਗਾ ਜਦੋਂ ਪੰਜਾਬ ਸਰਕਾਰ 75 ਕਰੋੜ ਦੀ ਰਾਸ਼ੀ ਭਰੀ ਹੋਣ ਦੇ ਬਾਵਜੂਦ ਦੁਰਾਹੇ ਵਾਲੇ ਪੁਲ ਨੂੰ ਮਨਜ਼ੂਰੀ ਦੇਣ ਤੋਂ ਇਲਾਵਾ ਅੱਠ ਸੌ ਕਰੋੜ ਦੇ ਹੋਰ ਬਣ ਰਹੇ ਪੁਲਾਂ ਨੂੰ ਮਨਜ਼ੂਰੀ ਦੇਵੇਗੀ। ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਘਨੌਰ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ 15 ਦੇ ਅਰਥੀ ਫੂਕ ਮੁਜ਼ਾਹਰੇ ਸਬੰਧੀ ‘ਆਪ’ ਵਰਕਰਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ। ਦੱਸਣਾ ਬਣਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਤਕਰੀਬਨ ਇੱਕ-ਡੇਢ ਮਹੀਨਾ ਪਹਿਲਾਂ ਧੂਰੀ ਪੁਲ ਦਾ ਕੰਮ ਤੁਰੰਤ ਚਾਲੂ ਕੀਤੇ ਜਾਣ ਦਾ ਦਾਅਵਾ ਕੀਤਾ ਸੀ ਜਦੋਂ ਕਿ ਮੁੱਖ ਮੰਤਰੀ ਦਫ਼ਤਰ ਇੰਚਾਰਜ ਨੇ ਮੀਡੀਆ ਰਾਹੀਂ ਦੱਸਿਆ ਕਿ ਪੁਲ ਬਣਾਏ ਜਾਣ ਸਬੰਧੀ ਕੇਂਦਰ ਤੋਂ ਮਹਿਜ਼ ਇੱਕ ਮਨਜ਼ੂਰੀ ਲੈਣੀ ਬਾਕੀ ਹੈ।
ਮੰਨਿਆ ਜਾ ਰਿਹਾ ਹੈ ਪੁਲ ਦਾ ਕੰਮ ਸ਼ੁਰੂ ਨਾ ਹੋਣ ਕਾਰਨ ਧੂਰੀ ਵਿੱਚ ਹੁਕਮਰਾਨ ਧਿਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹੁਣ ਹੁਕਮਰਾਨ ਧਿਰ ਦੇ ਆਗੂ ਇਸ ਪ੍ਰਦਰਸ਼ਨ ਰਾਹੀਂ ਲੋਕਾਂ ਪੁਲ ਬਣਨ ਵਿੱਚ ਹੋ ਰਹੀ ਦੇਰੀ ਕਾਰਨਾ ਨੂੰ ਜੱਗ ਜ਼ਾਹਰ ਕਰਨ ਦੀ ਕੋਸ਼ਿਸ਼ ’ਚ ਹਨ।