ਧੂੁਰੀ: ਨਵੀਆਂ ਸੜਕਾਂ ਟੁੱਟਣ ਦੇ ਮਾਮਲੇ ’ਚ ਕਾਰਵਾਈ ਮੰਗੀ
ਹਲਕਾ ਧੂਰੀ ਦੀਆਂ ਨਵੀਆਂ ਬਣੀਆਂ ਸੜਕਾਂ ਮਹਿਜ਼ ਨੌਂ ਮਹੀਨਿਆਂ ਵਿੱਚ ਟੁੱਟਣ ਅਤੇ ਇਸ ਮਾਮਲੇ ਵਿੱਚ ਵਿਭਾਗ ਵੱਲੋਂ ਕਾਰਵਾਈ ਦੀ ਥਾਂ ਉਲਟਾ ਠੇਕੇਦਾਰਾਂ ਦੀ ਢਾਲ ਬਣਕੇ ਵਿਚਰਨ ਵਿਰੁੱਧ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਨੇ ਅੱਜ ਐੱਸਡੀਐੱਮ ਧੂਰੀ ਦੇ ਨਾਮ ਸੁਪਰਡੈਂਟ ਮਨਜੀਤ ਕੌਰ ਅਤੇ ਸਟੈਨੋ ਅਰਵਿੰਦ ਕੁਮਾਰ ਨੂੰ ਮੰਗ ਪੱਤਰ ਦੇ ਕੇ ਕਾਰਵਾਈ ਲਈ 15 ਦਿਨਾਂ ਦਾ ਅਲਟੀਮੇਟਮ ਦਿੱਤਾ।
ਮੰਗ ਪੱਤਰ ਦੇਣ ਮੌਕੇ ਸ਼ੂਗਰ ਕੇਨ ਸੁਸਾਇਟੀ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਤਾਰੀ ਭੁੱਲਰਹੇੜੀ, ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਆਗੂ ਗੁਰਜੀਤ ਸਿੰਘ ਭੜੀ ਤੇ ਸਾਬਕਾ ਸਰਪੰਚ ਜੱਖਲਾ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।
ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਬਣਾਈਆਂ ਮਹਿਜ਼ ਨੌਂ ਮਹੀਨਿਆਂ ਵਿੱਚ ਟੁੱਟ ਗਈਆਂ ਜਦੋਂ ਕਿ ਘਨੌਰੀ ਕਲਾਂ-ਘਨੌਰ ਕਲਾਂ ਸੜਕ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੜ ਟੈਂਡਰ ਕਰਵਾ ਕੇ ਸੜਕ ਦੁਬਾਰਾ ਬਣਾਏ ਜਾਣ ਦਾ ਜਨਤਕ ਐਲਾਨ ਕੀਤਾ ਪਰ ਤਿੰਨ ਮਹੀਨੇ ਬਾਅਦ ਵੀ ਕੋਈ ਕਾਰਵਾਈ ਨਾ ਹੋਈ। ਸ੍ਰੀ ਅਲਾਲ ਨੇ ਕਿਹਾ ਜੇਕਰ ਨਿਰਧਾਰਤ ਸਮੇਂ ’ਚ ਟੁੱਟੀਆਂ ਸੜਕਾਂ ਦੇ ਮਾਮਲੇ ’ਚ ਸਬੰਧਤ ਠੇਕੇਦਾਰਾਂ ’ਤੇ ਕਾਰਵਾਈ ਨਾ ਹੋਈ ਤਾਂ ਉਹ 1 ਸਤੰਬਰ ਤੋਂ ਐੱਸਡੀਐੱਮ ਦਫ਼ਤਰ ਧੂਰੀ ਅੱਗੇ ਸੰਘਰਸ਼ ਸ਼ੁਰੂ ਕਰਨਗੇ।