ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੁਨਾਮ ਬਲਾਕ ਵੱਲੋਂ ਅੱਜ ਪਿੰਡ ਬਖਸ਼ੀਵਾਲਾ ਵਿੱਚ ਗਦਰੀ ਸ਼ਹੀਦ ਬੀਬੀ ਗੁਲਾਬ ਕੌਰ ਦੀ 100ਵੀਂ ਬਰਸੀ ਨੂੰ ਲੈ ਕੇ ਢੋਲ ਮਾਰਚ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਬੀਬੀ ਗੁਲਾਬ ਕੌਰ ਦਾ ਦੇਸ਼ ਦੀ ਆਜ਼ਾਦੀ ਦੀ ਲਹਿਰ ਵਿੱਚ ਬੇਮਿਸਾਲ ਯੋਗਦਾਨ ਰਿਹਾ ਹੈ। ਇਸ ਮੌਕੇ ਪਿੰਡ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਜਦੋਂ ਕਾਮਾਗਾਟਾ ਮਾਰੂ ਜਹਾਜ਼ ਅਮਰੀਕਾ ਤੋਂ ਚੱਲਿਆ ਤਾਂ ਇਸ ਵਿੱਚ ਦੋ-ਢਾਈ ਸੌ ਗਦਰੀ ਜ਼ਵਾਨਾਂ ਨਾਲ ਇੱਕੋ ਔਰਤ ਗੁਲਾਬ ਕੌਰ ਵੀ ਸਵਾਰ ਸੀ। ਉਹ ਗਦਰੀ ਬਾਬਿਆਂ ਲਈ ਦਾਣਾ-ਪਾਣੀ ਤਿਆਰ ਕਰਦੀ, ਦੇਸ਼ ਭਗਤੀ ਦੇ ਗੀਤ ਗਾਉਂਦੀ ਅਤੇ ਮੁਸ਼ਕਲ ਹਾਲਾਤ ਵਿੱਚ ਵੀ ਹਿੰਮਤ ਨਹੀਂ ਹਾਰੀ। ਦੇਸ਼ ਲਈ ਉਸ ਨੇ ਆਪਣੇ ਪਤੀ ਤੱਕ ਦਾ ਤਿਆਗ ਕੀਤਾ, ਜੋ ਉਸਦੀ ਕੁਰਬਾਨੀ ਦੀ ਸਭ ਤੋਂ ਵੱਡੀ ਮਿਸਾਲ ਹੈ। ਉਨ੍ਹਾਂ ਦੱਸਿਆ ਕਿ ਆਉਂਦੀ 23 ਨਵੰਬਰ ਨੂੰ ਬਖਸ਼ੀਵਾਲਾ ਪਿੰਡ ਦੀ ਅਨਾਜ ਮੰਡੀ ਵਿੱਚ ਗਦਰੀ ਬੀਬੀ ਗੁਲਾਬ ਕੌਰ ਦੀ 100ਵੀਂ ਬਰਸੀ ਬੜੇ ਹੀ ਸ਼ਾਨੋ ਸ਼ੌਕਤ ਮਨਾ ਮਨਾਈ ਜਾਵੇਗੀ। ਜਥੇਬੰਦੀ ਨੇ ਇਸ ਮੌਕੇ ਲੋਕਾਂ ਨੂੰ ਸਮਾਗਮ ਵਿੱਚ ਪੁੱਜਣ ਦੀ ਅਪੀਲ ਕੀਤੀ। ਅੱਜ ਦੇ ਢੋਲ ਮਾਰਚ ਦੀ ਅਗਵਾਈ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਨੇ ਕੀਤੀ, ਜਦੋਂਕਿ ਪਿੰਡ ਵਿੱਚ ਬਰਸੀ ਲਈ ਸੱਦਾ ਪੱਤਰ ਵੀ ਵੰਡਿਆ ਗਿਆ। ਇਸ ਮੌਕੇ ਬਲਾਕ ਆਗੂ ਰਾਮਸਰਨ ਸਿੰਘ ਉਗਰਾਹਾਂ, ਸੁਖਪਾਲ ਮਾਣਕ ਕਣਕਵਾਲ ਅਤੇ ਸਮੂਹ ਪਿੰਡ ਇਕਾਈਆਂ ਹਾਜ਼ਰ ਸਨ।

