ਪਿੰਡ ਵਾਸੀਆਂ ਵੱਲੋਂ ਜੋੜਿਆਂ ਦੇ ਸਮਾਜਿਕ ਬਾਈਕਾਟ ਦਾ ਧਰਮਵੀਰ ਗਾਂਧੀ ਵੱਲੋਂ ਵਿਰੋਧ
ਮੋਹਿਤ ਸਿੰਗਲਾ
, 2 ਅਗਸਤ
ਨਾਭਾ ਨੇੜਲੇ ਪਿੰਡ ਗਲਵੱਟੀ ਵੱਲੋਂ ਇੱਕ ਪਰਿਵਾਰ ਦੇ ਸਮਾਜਿਕ ਬਾਈਕਾਟ ਦੇ ਐਲਾਨ ਦਾ ਪਟਿਆਲਾ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਵਿਰੋਧ ਕੀਤਾ ਹੈ। ਸੰਸਦ ਮੈਂਬਰ ਵੱਲੋਂ ਸੋਸ਼ਲ ਮੀਡਿਆ ’ਤੇ ਪੋਸਟ ਪਾ ਕੇ ਸਰਕਾਰ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲ ਕੀਤੀ ਗਈ ਹੈ। ਹਾਲਾਂਕਿ ਕਈ ਵਰਤੋਂਕਾਰਾਂ ਨੇ ਪ੍ਰਤੀਕਿਰਿਆ ਦਿੰਦਿਆਂ ਡਾ. ਗਾਂਧੀ ਦੀ ਪੋਸਟ ਨਾਲ ਅਸਹਿਮਤੀ ਪ੍ਰਗਟ ਕੀਤੀ ਹੈ। ਜ਼ਿਕਰਯੋਗ ਹੈ ਕਿ 2016 ਵਿੱਚ ਗਲਵੱਟੀ ਦੇ ਲੜਕਾ-ਲੜਕੀ ਨੇ ਭੱਜ ਕੇ ਵਿਆਹ ਕਰਵਾ ਲਿਆ ਸੀ। ਕਈ ਸਾਲ ਪਿੰਡ ਤੋਂ ਬਾਹਰ ਰਹਿਣ ਮਗਰੋਂ ਹੁਣ ਉਹ ਕੁਝ ਮਹੀਨਿਆਂ ਤੋਂ ਪਿੰਡ ਵਾਪਸ ਆ ਗਏ ਜਿਸ ਕਾਰਨ ਪਿੰਡ ਵਾਸੀਆਂ ਨੇ ਪਹਿਲਾਂ ਤਾਂ ਉਨ੍ਹਾਂ ਨੂੰ ਪਿੰਡ ਤੋਂ ਬਾਹਰ ਕੱਢਣ ਦੇ ਯਤਨ ਕੀਤੇ ਗਏ। ਜਦੋਂ ਇਹ ਯਤਨ ਸਫਲ ਨਾ ਹੋਏ ਤਾਂ ਇਸ ਜੋੜੇ ਦੇ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ ਗਿਆ।
ਡਾ. ਗਾਂਧੀ ਨੇ ਬਾਈਕਾਟ ਦਾ ਵਿਰੋਧ ਕਰਦਿਆਂ ਲਿਖਿਆ, ‘‘ਹਰ ਇੱਕ ਵਿਅਕਤੀ ਨੂੰ ਆਪਣਾ ਜੀਵਨ ਸਾਥੀ ਚੁਣਨ ਦੀ ਆਜ਼ਾਦੀ ਹੈ ਤੇ ਸਰਕਾਰ ਨੂੰ ਇਸ ਆਜ਼ਾਦੀ ਦੀ ਰੱਖਿਆ ਕਰਦਿਆਂ ਇਸ ਮਾਮਲੇ ਵਿੱਚ ਦਖ਼ਲ ਦੇਣਾ ਚਾਹੀਦਾ ਹੈ।’’ ਸੰਪਰਕ ਕਰਨ 'ਤੇ ਸੰਸਦ ਮੈਂਬਰ ਡਾ. ਗਾਂਧੀ ਨੇ ਕਿਹਾ ਕਿ ਬਾਈਕਾਟ ਦਾ ਐਲਾਨ ਇੱਕ ਸਖਤ ਐਲਾਨ ਹੈ ਤੇ ਇਹ ਉਸ ਜੋੜੇ ’ਤੇ ਮਾਨਸਿਕ ਤਣਾਅ ਬਣਾਉਣ ਵਾਲਾ ਕੰਮ ਹੈ। ਇਹ ਰਵੱਈਆ ਅਜਿਹਾ ਹੈ ਜਿਵੇਂ ਉਸ ਜੋੜੇ ਨੇ ਕੋਈ ਪਾਪ ਕਰ ਦਿੱਤਾ ਹੋਵੇ। ਜਦੋਂਕਿ ਪਿੰਡਾਂ ਵਿੱਚ ਹੀ ਕਿੰਨੇ ਲੋਕਾਂ ਦਾ ਹਰ ਤਰ੍ਹਾਂ ਦਾ ਸ਼ੋਸ਼ਣ ਹੋ ਰਿਹਾ ਹੁੰਦਾ ਹੈ ਪਰ ਉੱਥੇ ਲੋਕ ਚੁੱਪ ਰਹਿੰਦੇ ਹਨ। ਬਦਲਦੇ ਆਰਥਿਕ ਦੌਰ ਵਿੱਚ ਸਮਾਜਿਕ ਧਾਰਨਾਵਾਂ ਨੂੰ ਵੀ ਬਦਲਣਾ ਪੈਂਦਾ ਹੈ।