ਜਮਹੂਰੀ ਅਧਿਕਾਰ ਸਭਾ ਨੇ ਜਨਤਕ ਮੀਟਿੰਗ ਸੱਦੀ
ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜ਼ਿਲ੍ਹਾ ਇਕਾਈ ਨੇ ਬੀਤੇ ਦਿਨੀਂ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਆਗੂਆਂ ਅਤੇ ਦਲਿਤਾਂ, ਔਰਤਾਂ ਖ਼ਿਲਾਫ਼ ਵਾਪਰੀਆਂ ਘਟਨਾਵਾਂ ਤੇ ਗੰਭੀਰ ਚਿੰਤਨ ਕਰਦਿਆਂ ਇਸ ਵਰਤਾਰੇ ਖਿਲਾਫ਼ ਲੋਕਾਂ ਨੂੰ ਚੇਤੰਨ ਕਰਨ ਦੇ ਉਪਰਾਲੇ ਵਜੋਂ ਜਨਤਕ ਲਾਮਬੰਦੀ ਕਰਨ ਦਾ ਫ਼ੈਸਲਾ ਕੀਤਾ...
ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜ਼ਿਲ੍ਹਾ ਇਕਾਈ ਨੇ ਬੀਤੇ ਦਿਨੀਂ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਆਗੂਆਂ ਅਤੇ ਦਲਿਤਾਂ, ਔਰਤਾਂ ਖ਼ਿਲਾਫ਼ ਵਾਪਰੀਆਂ ਘਟਨਾਵਾਂ ਤੇ ਗੰਭੀਰ ਚਿੰਤਨ ਕਰਦਿਆਂ ਇਸ ਵਰਤਾਰੇ ਖਿਲਾਫ਼ ਲੋਕਾਂ ਨੂੰ ਚੇਤੰਨ ਕਰਨ ਦੇ ਉਪਰਾਲੇ ਵਜੋਂ ਜਨਤਕ ਲਾਮਬੰਦੀ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਫੈਸਲਾ ਜ਼ਿਲ੍ਹਾ ਇਕਾਈ ਦੀ ਜਗਜੀਤ ਸਿੰਘ ਭੁਟਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਕੀਤਾ ਗਿਆ। ਮੀਟਿੰਗ ਵਿਚ ਹੋਏ ਫ਼ੈਸਲਿਆਂ ਬਾਰੇ ਸਭਾ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੰਘਰਸ਼ਸ਼ੀਲ ਲੋਕਾਂ ਉਪਰ ਕੀਤੇ ਜਾ ਰਹੇ ਜਬਰ ਦੇ ਸਿੱਟੇ ਵਜੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਜਨਤਕ ਸਰਗਮੀਆਂ ਕਰਨ ਤੇ ਅਣਐਲਾਨੀ ਪਾਬੰਦੀ ਲਗਾਈ ਹੋਈ ਹੈ। ਸੰਘਰਸ਼ ਕਮੇਟੀ ਦੇ ਆਗੂ ਬਿਕਰ ਸਿੰਘ ਹਥੋਆ ਨੂੰ ਮਹੀਨਿਆਂ ਬੱਧੀ ਜੇਲ ਵਿਚ ਬੰਦ ਕੀਤਾ ਹੋਇਆ ਹੈ। ਉਸ ਦੇ ਪਿਤਾ ਦੀ ਮੌਤ ਸਮੇਂ ਸੰਸਕਾਰ ਅਤੇ ਭੋਗ ਸਮੇਂ ਹਥਕੜੀਆਂ ਵਿਚ ਜਕੜ ਕੇ ਰੱਖ ਕੇ ਸੰਘਰਸ਼ਸ਼ੀਲ ਲੋਕਾਂ ਨੂੰ ਦਹਿਸ਼ਤ ਜਦਾ ਕਰਨ ਦੀ ਅਸਫਲ ਕੀਤੀ ਗਈ ਹੈ। ਉੱਘੇ ਵਿਗਿਆਨੀ, ਵਾਤਾਵਰਨ ਪ੍ਰੇਮੀ ਅਤੇ ਸਮਾਜਿਕ ਆਗੂ ਸੋਨਮ ਵਾਂਗਚੁਕ ਨੂੰ ਝੂਠੇ ਬਿਰਤਾਂਤ ਸਿਰਜ ਕੇ ਰਾਸ਼ਟਰੀ ਸੁਰੱਖਿਆ ਕਾਨੂੰਨ ਲਗਾ ਕੇ ਜੋਧਪੁਰ ਜੇਲ੍ਹ ਵਿਚ ਸੁੱਟ ਦਿੱਤਾ ਗਿਆ ਹੈ। ਭਾਰਤ ਦੇ ਚੀਫ ਜਸਟਿਸ ਉਪਰ ਜੁੱਤੀ ਸੁੱਟਣ ਅਤੇ ਹਰਿਆਣਾ ’ਚ ਖੁਦਕੁਸ਼ੀ ਕਰ ਗਏ ਪੁਲੀਸ ਅਧਿਕਾਰੀ ਅਤੇ ਯੂ.ਪੀ. ’ਚ ਦਲਿਤ ਨੌਜਵਾਨ ਦੇ ਹੱਤਿਆ ਆਦਿ ਘਟਨਾਵਾਂ ਦੀ ਸਖਤ ਨਿਖੇਧੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹਨ੍ਹਾਂ ਘਟਨਾਵਾਂ ਨੇ ਕੇਂਦਰ ਦੇ ਦਲਿਤ ਵਿਰੋਧੀ ਅਤੇ ਫਿਰਕੂ ਚਿਹਰੇ ਨੂੰ ਨੰਗਾ ਕਰ ਦਿੱਤਾ ਹੈ। ਇਸ ਲਈ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਦੇ ਫਾਸ਼ੀਵਾਦੀ ਕਿਰਦਾਰ ਪ੍ਰਤੀ ਲੋਕ ਚੇਤਨਾ ਦਾ ਪਸਾਰਾ ਕਰਨ ਲਈ ਜਨਤਕ ਲਾਮਬੰਦੀ ਕਰਨ ਲਈ 26 ਅਕਤੂਬਰ, ਐਤਵਾਰ, ਨੂੰ ਸੰਗਰੂਰ ਵਿੱਚ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਇਨਸਾਫ ਪਸੰਦ ਲੋਕਾਂ ਦੀ ਮੀਟਿੰਗ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮੀਟਿੰਗ ਵਿੱਚ ਸੂਬਾ ਆਗੂ ਸਵਰਨਜੀਤ ਸਿੰਘ, ਮਨਧੀਰ ਸਿੰਘ ਰਾਜੋਮਾਜਰਾ,ਵਿਸਾਖਾ ਸਿੰਘ ਸਮੇਤ ਜ਼ਿਲ੍ਹਾ ਆਗੂ ਬਸੇਸਰ ਰਾਮ, ਕੁਲਵਿੰਦਰ ਬੰਟੀ, ਭਜਨ ਸਿੰਘ ਰੰਗੀਆਂ, ਰਘਬੀਰ ਸਿੰਘ ਭੁਟਾਲ, ਲਛਮਣ ਅਲੀਸ਼ੇਰ ਅਤੇ ਪ੍ਰਿੰਸੀਪਲ ਅਮਰੀਕ ਸਿੰਘ ਖੋਖਰ ਵੀ ਸ਼ਾਮਲ ਸਨ।