ਨਾਮਜ਼ਦਗੀਆਂ ਭਰਨ ਮੌਕੇ ਜਮਹੂਰੀਅਤ ਦਾ ਕਤਲ ਹੋਇਆ: ਡਾ. ਗਾਂਧੀ
ਜ਼ਿਲ੍ਹਾ ਪਰਿਸ਼ਦ ਦੇ ਜ਼ੋਨ ਮਸੀਂਗਣ ਅਤੇ ਦੂਧਨਸਾਧਾਂ ਤੋਂ ਉਮੀਦਵਾਰਾਂ ਦੇ ਦਫ਼ਤਰ ਦਾ ਉਦਘਾਟਨ
ਦੇਵੀਗੜ੍ਹ ਵਿੱਚ ਕਾਂਗਰਸ ਪਾਰਟੀ ਦੀ ਚੋਣਾਂ ਸਬੰਧੀ ਮੀਟਿੰਗ ਅਨਾਜ ਮੰਡੀ ਦੇਵੀਗੜ੍ਹ ਵਿੱਚ ਬਲਾਕ ਪ੍ਰਧਾਨ ਹਰਵੀਰ ਸਿੰਘ ਥਿੰਦ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਡਾ. ਧਰਮਵੀਰ ਗਾਂਧੀ ਸੰਸਦ ਮੈਂਬਰ, ਸੀਨੀਅਰ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਹੈਰੀਮਾਨ, ਰਤਿੰਦਰਪਾਲ ਸਿੰਘ ਰਿੱਕੀ ਮਾਨ ਅਤੇ ਜੋਗਿੰਦਰ ਸਿੰਘ ਕਾਕੜਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਡਾ. ਧਰਮਵੀਰ ਗਾਂਧੀ ਨੇ ਆਪ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਨਾਮਜ਼ਦਗੀਆਂ ਭਰਨ ਦੌਰਾਨ ਹੋਏ ਧੱਕੇ ਅਤੇ ਉਨ੍ਹਾਂ ਦੇ ਨਾਮਜ਼ਦਗੀ ਪੱਤਰਾਂ ਨੂੰ ਖੁੱਲ੍ਹੇਆਮ ਪਾੜਨ ਦਾ ਜਵਾਬ ਚੋਣਾਂ ਵਿੱਚ ਲੋਕ ਜ਼ਰੂਰ ਦੇਣਗੇ।
ਉਨ੍ਹਾਂ ਕਿਹਾ ਕਿ ਆਪ ਆਗੂਆਂ ਨੇ ਲੋਕਤੰਤਰ ਦੀ ਧੱਜੀਆਂ ਉਡਾਉਂਦਿਆਂ ਉਨ੍ਹਾਂ ਦੇ ਨਾਮਜ਼ਦਗੀ ਪੱਤਰਾਂ ਨੂੰ ਖੋਹ ਕੇ ਪਾੜ ਸੁੱਟ ਦਿੱਤੇ। ਇਹ ਨਾ ਸਿਰਫ਼ ਕਾਨੂੰਨ ਦੀ ਉਲੰਘਣਾ ਹੈ ਸਗੋਂ ਜਮਹੂਰੀਅਤ ਦਾ ਖੁੱਲ੍ਹਾ ਕਤਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਇਸ ਧੱਕੇਸ਼ਾਹੀ ਨੂੰ ਵੇਖ ਰਹੀ ਹੈ ਅਤੇ ਚੋਣਾਂ ਵਿੱਚ ਆਪ ਨੂੰ ਇਸ ਦਾ ਭਾਰੀ ਮੁੱਲ ਚੁਕਾਉਣਾ ਪਵੇਗਾ। ਉਨ੍ਹਾਂ ਆਖਿਆ ਕਿ ਆਪ ਨੇ ਸਾਬਤ ਕਰ ਦਿੱਤਾ ਕਿ ਉਹ ਸੱਤਾ ਦੇ ਨਸ਼ੇ ਵਿੱਚ ਗਲਤਾਨ ਹੈ ਅਤੇ ਲੋਕਤੰਤਰ ਦੇ ਸਾਰੇ ਨਿਯਮ-ਕਾਨੂੰਨ ਤਾਰ-ਤਾਰ ਕਰਨ ਲਈ ਤਿਆਰ ਹੈ। ਪਰ ਪੰਜਾਬ ਦੀ ਜਾਗਰੂਕ ਜਨਤਾ ਅਜਿਹੀਆਂ ਚਾਲਾਂ ਨੂੰ ਕਦੇ ਬਰਦਾਸ਼ਤ ਨਹੀਂ ਕਰੇਗੀ। ਇਸ ਮੌਕੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪਰਿਸ਼ਦ ਲਈ ਉਮੀਦਵਾਰਾਂ ਦੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਆਪ ਦੇ ਆਗੂਆਂ ਨੂੰ ਆਪਣੀ ਹਾਰ ਦਾ ਡਰ ਸਤਾ ਰਿਹਾ ਹੈ। ਜੇਕਰ ਉਨ੍ਹਾਂ ਨੂੰ ਆਪਣੀ ਜਿੱਤ ’ਤੇ ਭਰੋਸਾ ਹੁੰਦਾ ਤਾਂ ਉਹ ਅਜਿਹੀਆਂ ਘਟੀਆ ਹਰਕਤਾਂ ਨਾ ਕਰਦੇ। ਡਾ. ਗਾਂਧੀ ਨੇ ਚੋਣ ਕਮਿਸ਼ਨ ਤੋਂ ਵੀ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਡਾ. ਧਰਮਵੀਰ ਗਾਂਧੀ ਨੇ ਜਨਤਾ ਨੂੰ ਅਪੀਲ ਕੀਤੀ ਕਿ ਧੱਕੇਸ਼ਾਹੀ ਕਰਨ ਵਾਲੀਆਂ ਪਾਰਟੀਆਂ ਨੂੰ ਸਬਕ ਸਿਖਾਉਣ ਲਈ ਵੱਡੀ ਗਿਣਤੀ ਵਿੱਚ ਵੋਟ ਪਾ ਕੇ ਲੋਕਤੰਤਰ ਦੀ ਰਾਖੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਚੋਣਾਂ ਦਾ ਮੈਦਾਨ ਹੀ ਅਸਲ ਜਵਾਬ ਦੇਣ ਦੀ ਥਾਂ ਹੈ ਅਤੇ ਪੰਜਾਬ ਦੇ ਲੋਕ ਇਸ ਵਾਰ ਜ਼ਰੂਰ ਆਪ ਨੂੰ ਉਸ ਦਾ ਸਵਾਦ ਚਖਾਉਣਗੇ। ਇਸ ਮੌਕੇ ਮਹਿਕ ਗਰੇਵਾਲ, ਜੀਤ ਸਿੰਘ ਮੀਰਾਂ ਪੁਰ, ਪ੍ਰਕਾਸ਼ ਸਿੰਘ ਅਲੀਪੁਰ, ਕਰਮਜੀਤ ਸਿੰਘ, ਸਾਬਕਾ ਚੇਅਰਮੈਨ ਰਣਧੀਰ ਸਿੰਘ, ਸਵਿੰਦਰ ਸਿੰਘ ਬੁੱਧਮੋਰ, ਸਾਬਕਾ ਸਰਪੰਚ ਗੁਰਨਾਮ ਸਿੰਘ, ਸਤਨਾਮ ਸਿੰਘ ਵਿਰਕ ਮਸੀੰਗਣ, ਸੰਤੋਖ ਸਿੰਘ ਮਜਾਲ, ਆਦਿ ਹਾਜ਼ਰ ਸਨ।

