ਕੋਆਪ੍ਰੇਟਿਵ ਸੁਸਾਇਟੀਆਂ ਨੂੰ ਡੀਏਪੀ ਖਾਦ ਘੱਟ ਦੇਣ ਦੀ ਜਾਂਚ ਮੰਗੀ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਅਤੇ ਗੰਨਾ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕੋਆਪ੍ਰੇਟਿਵ ਸੁਸਾਇਟੀਆਂ ਨੂੰ ਡੀਏਪੀ ਖਾਦ ਦੀ ਵੰਡ ਕਰਨ ਮੌਕੇ ਹੋ ਰਹੀ ਕਥਿਤ ਵਿਤਕਰੇਬਾਜ਼ੀ ਦੀ ਵਿਜੀਲੈਂਸ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਆਗੂ ਗੁਰਜੀਤ ਸਿੰਘ ਭੜੀ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਭੜੀਮਾਨਸਾ ਨਾਲ ਸਬੰਧਤ ਸੁਸਾਇਟੀ ਨੂੰ ਮਹਿਜ਼ ਪੰਜ ਕੁ ਸੌ ਥੈਲੇ ਡੀਏਪੀ ਖਾਦ ਪ੍ਰਾਪਤ ਹੋਈ ਹੈ ਜਦੋਂ ਕਿ ਉਹ ਪਿਛਲੇ ਦੋ ਤਿੰਨ ਹਫ਼ਤਿਆਂ ਤੋਂ ਖਾਦ ਸਪਲਾਈ ਅਫ਼ਸਰ ਕੋਲ ਲਗਾਤਾਰ ਚੱਕਰ ਕੱਟ ਰਹੇ ਹਨ ਪਰ ਉਹ ਪੈਰ ’ਤੇ ਪਾਣੀ ਨਹੀਂ ਪੈਣ ਦੇ ਰਹੇ। ਕਿਸਾਨ ਆਗੂਆਂ ਨੇ ਕਿਹਾ ਕਿ ਸੁਸਾਇਟੀਆਂ ਨੂੰ ਡੀਏਪੀ ਦੀ ਵੰਡ ਮੌਕੇ ਪਤਾ ਨਹੀਂ ਅਜਿਹੀ ਕਿਹੜੀ ਮੈਰਿਟ ਬਣਾਈ ਗਈ ਹੈ ਕਿ ਬਹੁਤੀਆਂ ਸੁਸਾਇਟੀਆਂ ਹੁਣ ਤੱਕ 60 ਫ਼ੀਸਦ ਤੋਂ 70 ਫ਼ੀਸਦ ਡੀਏਪੀ ਪ੍ਰਾਪਤ ਕਰ ਚੁੱਕੀਆਂ ਹਨ ਪਰ ਬਹੁਤੀਆਂ ਹਾਲੇ 30 ਫ਼ੀਸਦ ਤੋਂ ਵੀ ਘੱਟ ’ਤੇ ਲਟਕ ਰਹੀਆਂ ਹਨ। ਇਸੇ ਤਰ੍ਹਾਂ ਗੰਨਾ ਸੰਘਰਸ਼ ਕਮੇਟੀ ਦੇ ਆਗੂ ਸੁਖਜੀਤ ਸਿੰਘ ਧੰਦੀਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਨਾਲ ਸਬੰਧਤ ਰੰਗੀਆਂ ਸੁਸਾਇਟੀ ਨੂੰ ਬਹੁਤ ਘੱਟ ਖਾਦ ਮਿਲਣ ਕਾਰਨ ਉਨ੍ਹਾਂ ਇਸ ਕਥਿਤ ਵਿਤਕਰੇਬਾਜ਼ੀ ਦੀ ਜਾਂਚ ਲਈ ਤਕਰੀਬਨ ਇੱਕ ਮਹੀਨਾ ਪਹਿਲਾਂ ਏਆਰ ਨੂੰ ਲਿਖਤੀ ਦਰਖਾਸਤ ਦਿੱਤੀ ਹੈ ਜਿਸ ਸਬੰਧੀ ਜਾਂਚ ਕਰ ਰਹੇ ਸਬੰਧਤ ਇੰਸਪੈਕਟਰ ਹਾਲੇ ਤੱਕ ਰਿਕਾਰਡ ਪ੍ਰਾਪਤ ਨਹੀਂ ਕਰ ਸਕੇ। ਸੈਂਟਰਲ ਕੋਆਪਰੇਟਿਵ ਬੈਂਕ ਦੇ ਡਾਇਰੈਕਟਰ ਅਵਤਾਰ ਸਿੰਘ ਤਾਰੀ ਭੁੱਲਰਹੇੜੀ ਨੇ ਕਿਹਾ ਕਿ ਮੁੱਖ ਮੰਤਰੀ ਦੇ ਹਲਕੇ ਨਾਲ ਸਬੰਧਤ ਲੋਕਾਂ ਅੱਗੇ ਅਸਲ ਸੱਚਾਈ ਲਿਆਉਣ ਲਈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਬਹੁਤ ਜ਼ਰੂਰੀ ਹੈ। ਆਗੂਆਂ ਨੇ ਮਸਲਾ ਹੱਲ ਨਾ ਹੋਣ ’ਤੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ। ਆਗੂਆਂ ਨੇ ਮਾਮਲੇ ਦੀ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਸਬੰਧਤ ਇੰਸਪੈਕਟਰ ਨੇ ਕਿਹਾ ਕਿ ਖਾਦ ਦੀ ਵੰਡ ਦਾ ਉਨ੍ਹਾਂ ਨਾਲ ਨਹੀਂ ਸਗੋਂ ਖਾਦ ਵੰਡ ਅਫ਼ਸਰ ਨਾਲ ਸਬੰਧ ਹੈ।
ਖਾਦ ਸਪਲਾਈ ਅਫ਼ਸਰ ਨੇ ਦੋਸ਼ ਨਕਾਰੇ
ਖਾਦ ਸਪਲਾਈ ਅਫ਼ਸਰ ਮਨਿੰਦਰਜੀਤ ਸਿੰਘ ਵਰਮਾ ਨੇ ਦੋਸ਼ ਨਕਾਰਦੇ ਹੋਏ ਕਿਹਾ ਕਿ ਮਾਰਕਫੈੱਡ ਦਾ ਤਿੰਨ ਕਰੋੜ ਰੁਪਏ ਬਕਾਇਆ ਖੜ੍ਹਾ ਹੈ ਜਿਸ ਕਰਕੇ ਉਨ੍ਹਾਂ ਨੂੰ ਸਪਲਾਈ ਮੌਕੇ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾ ਜਾਣਕਾਰੀ ਦਫ਼ਤਰ ਆਉਣ ’ਤੇ ਹੀ ਦੇ ਸਕਦੇ ਹਨ।