ਪ੍ਰੈੱਸ ਫੈੱਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਐਡਵੋਕੇਟ ਰਾਜੇਸ਼ਵਰ ਚੌਧਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਵਿੱਚ ‘ਪੰਜਾਬ ਮੀਡੀਆ ਭਲਾਈ ਬੋਰਡ’ ਦਾ ਗਠਨ ਕੀਤਾ ਜਾਵੇ ਤਾਂ ਜੋ ਪੱਤਰਕਾਰ ਵਰਗ ਦੀਆਂ ਮੰਗਾਂ ਅਤੇ ਮੁਸ਼ਕਲਾਂ ਦਾ ਹੱਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਰਾਜ ਭਰ ਵਿੱਚ ਹਜ਼ਾਰਾਂ ਪੱਤਰਕਾਰ ਬਿਨਾਂ ਤਨਖਾਹ ਸਿਰਫ਼ ਸਮਾਜਿਕ ਜ਼ਿੰਮੇਵਾਰੀ ਅਤੇ ਪੇਸ਼ੇਵਰ ਜਜ਼ਬੇ ਨਾਲ ਫੀਲਡ ਵਿੱਚ ਕੰਮ ਕਰ ਰਹੇ ਹਨ ਪਰ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਦੀਆਂ ਮੁਸ਼ਕਲਾਂ ਵੱਲ ਸਰਕਾਰੀ ਪੱਧਰ ’ਤੇ ਧਿਆਨ ਨਹੀਂ ਦਿੱਤਾ ਜਾ ਰਿਹਾ।ਉਨ੍ਹਾਂ ਦੱਸਿਆ ਕਿ ਵੱਡੇ ਮੀਡੀਆ ਘਰਾਣਿਆਂ ਦੇ ਸਟਾਫ਼ ਤੋਂ ਇਲਾਵਾ ਜ਼ਿਆਦਾਤਰ ਪੱਤਰਕਾਰ ਫਰੀਲਾਂਸ ਜਾਂ ਸਟਰਿੰਗਰ ਦੇ ਤੌਰ ’ਤੇ ਕੰਮ ਕਰ ਰਹੇ ਹਨ, ਜਿਨ੍ਹਾਂ ਨੂੰ ਨਾ ਕੋਈ ਫਿਕਸ ਤਨਖਾਹ ਮਿਲਦੀ ਹੈ, ਨਾ ਹੀ ਕੋਈ ਬੀਮਾ ਜਾਂ ਭਲਾਈ ਯੋਜਨਾ ਦਾ ਲਾਭ। ਅਕਸਰ ਖ਼ਬਰਾਂ ਇਕੱਠੀਆਂ ਕਰਨ ਦੌਰਾਨ ਇਨ੍ਹਾਂ ਨੂੰ ਆਰਥਿਕ, ਸਰੀਰਕ ਅਤੇ ਕਾਨੂੰਨੀ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਲਈ ਵੀ ਇੱਕ ਖਾਸ ਭਲਾਈ ਬੋਰਡ ਦੀ ਸਥਾਪਨਾ ਹੋਣੀ ਚਾਹੀਦੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਬੋਰਡ ਦਾ ਐਲਾਨ ਕੀਤਾ ਜਾਵੇ ਅਤੇ ਮੀਡੀਆ ਪ੍ਰਤੀਨਿਧੀਆਂ ਦੀਆਂ ਰਜਿਸਟਰਡ ਸੰਸਥਾਵਾਂ ਨੂੰ ਮਿਲਾ ਕੇ ਨੀਤੀ ਬਣਾਈ ਜਾਵੇ ਤਾਂ ਜੋ ਇਹ ਪੇਸ਼ਾ ਸਿਰਫ਼ ਜੋਸ਼ ਅਤੇ ਜਜ਼ਬੇ ਨਹੀਂ ਸਗੋਂ ਆਰਥਿਕ ਤੇ ਸਮਾਜਿਕ ਸੁਰੱਖਿਆ ਨਾਲ ਵੀ ਜੁੜ ਸਕੇ।