ਮੀਮਸਾ ਮੰਡੀ ਦੇ ਫੜ੍ਹ ਮੁਕੰਮਲ ਕਰਨ ਦੀ ਮੰਗ
ਹਲਕਾ ਧੂਰੀ ਨਾਲ ਸਬੰਧਤ ਖਰੀਦ ਕੇਂਦਰ ਮੀਮਸਾ ਦੇ ਫੜ੍ਹ ਨੂੰ ਪੱਕਾ ਕਰਨ ਦੇ ਪਏ ਅਧੂਰੇ ਕੰਮ ਨੂੰ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਮੁਕੰਮਲ ਕਰਨ ਲਈ ਬਲਾਕ ਕਮੇਟੀ ਬੀਕੇਯੂ ਰਾਜੇਵਾਲ ਅਤੇ ਆੜਤੀਆ ਐਸੋਸੀਏਸ਼ਨ ਧੂਰੀ ਨੇ ਸਾਂਝੇ ਤੌਰ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਲਿਖਿਆ ਮੰਗ ਪੱਤਰ ਤਹਿਸੀਲਦਾਰ ਧੂਰੀ ਵਿਸ਼ਵਜੀਤ ਸਿੰਘ ਸਿੱਧੂ ਨੂੰ ਸੌਂਪਿਆ। ਤਹਿਸੀਲਦਾਰ ਨੂੰ ਮਿਲੇ ਵਫ਼ਦ ਦੌਰਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਜੀਤ ਸਿੰਘ ਸੋਹੀ, ਜ਼ਿਲ੍ਹਾ ਆਗੂ ਬਲਵਿੰਦਰ ਸਿੰਘ ਜੱਖਲਾਂ ਅਤੇ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਸਿੰਘ ਸੋਨੀ ਮੰਡੇਰ ਨੇ ਦੱਸਿਆ ਕਿ ਖਰੀਦ ਕੇਂਦਰ ਮੀਮਸਾ ਦੇ ਫੜ੍ਹ ਨੂੰ ਨਵੇਂ ਸਿਰੇ ਤੋਂ ਬਣਾਉਣ ਦੇ ਕੰਮ ਦਾ ਉਦਘਾਟਨ ਫਰਵਰੀ 2025 ਵਿੱਚ ਕੀਤਾ ਗਿਆ ਸੀ ਜਿਸ ਕਾਰਨ ਮੰਡੀ ਦੀ ਪੁਟਾਈ ਕੀਤੀ ਗਈ ਸੀ ਜੋ ਹਾਲੇ ਅੱਧ ਵਿਚਕਾਰ ਕੰਮ ਅਧੂਰਾ ਪਿਆ ਹੈ। ਉਧਰ ਇਸ ਵਾਰ ਝੋਨੇ ਦੀ ਖਰੀਦ ਇੱਕ ਅਕਤੂਬਰ ਦੀ ਥਾਂ 15 ਸਤੰਬਰ ਤੋਂ ਕੀਤੀ ਜਾਣੀ ਹੈ ਜਿਸ ਕਰਕੇ ਲੋਕਾਂ ਨੂੰ ਆਪਣੀ ਫਸਲ ਵੇਚਣ ਮੌਕੇ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਆਗੂਆਂ ਨੇ ਮੰਗ ਕੀਤੀ ਕਿ ਫੜ੍ਹ ਦਾ ਕੰਮ ਸਮੇਂ ਸਿਰ ਸਮਾਪਤ ਕੀਤਾ ਜਾਵੇ। ਤਹਿਸੀਲਦਾਰ ਸਿੱਧੂ ਨੇ ਕਿਹਾ ਕਿ ਮੰਗ ਪੱਤਰ ਅੱਗੇ ਮੁੱਖ ਮੰਤਰੀ ਨੂੰ ਭੇਜਿਆ ਜਾਵੇਗਾ।