DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੁਨਿਆਦੀ ਢਾਂਚੇ ’ਚ ਸੁਧਾਰ ਲਈ ਸ਼ਹਿਰ ਸੰਗਰੂਰ ਵਿਕਾਸ ਮੰਚ ਬਣਾਉਣ ਦਾ ਫ਼ੈਸਲਾ

ਸ਼ਹਿਰ ਵਾਸੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਤ ਸਥਾਨਕ ਆਗੂਆਂ ਵੱਲੋਂ ਅਹਿਮ ਮੀਟਿੰਗ ਕਰਕੇ ਸ਼ਹਿਰ ਸੰਗਰੂਰ ਵਿਕਾਸ ਮੰਚ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦੌਰਾਨ ਮੰਚ ਦੀ ਨੌਂ ਮੈਂਬਰੀ ਐਡਹਾਕ ਕਮੇਟੀ ਦਾ ਗਠਨ...

  • fb
  • twitter
  • whatsapp
  • whatsapp
Advertisement

ਸ਼ਹਿਰ ਵਾਸੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਤ ਸਥਾਨਕ ਆਗੂਆਂ ਵੱਲੋਂ ਅਹਿਮ ਮੀਟਿੰਗ ਕਰਕੇ ਸ਼ਹਿਰ ਸੰਗਰੂਰ ਵਿਕਾਸ ਮੰਚ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦੌਰਾਨ ਮੰਚ ਦੀ ਨੌਂ ਮੈਂਬਰੀ ਐਡਹਾਕ ਕਮੇਟੀ ਦਾ ਗਠਨ ਵੀ ਕੀਤਾ ਗਿਆ। ਬਨਾਸਰ ਬਾਗ ਵਿੱਚ ਮੀਟਿੰਗ ਦੌਰਾਨ ਜਿੱਥੇ ‘ਸ਼ਹਿਰ ਸੰਗਰੂਰ ਵਿਕਾਸ ਮੰਚ’ ਬਣਾਉਣ ਦਾ ਫੈਸਲਾ ਲਿਆ ਗਿਆ ਉਥੇ ਚੁੱਕੇ ਜਾਣ ਕਦਮਾਂ ਅਤੇ ਸਮੁੱਚੇ ਕਾਰਜਾਂ ਦੀ ਦੇਖ ਰੇਖ ਲਈ ਇੱਕ ਨੌਂ ਮੈਂਬਰੀ ਐਡਹਾਕ ਕਮੇਟੀ ਕਾਇਮ ਕੀਤੀ ਗਈ। ਮੰਚ ਦੇ ਪ੍ਰਤੀਨਿਧ ਬਸ਼ੇਸ਼ਰ ਰਾਮ ਨੇ ਦੱਸਿਆ ਕਿ ਨੌਂ ਮੈਂਬਰੀ ਕਮੇਟੀ ਵਿੱਚ ਉਨ੍ਹਾਂ ਤੋਂ ਇਲਾਵਾ ਮਨਧੀਰ ਸਿੰਘ, ਕੁਲਦੀਪ ਸਿੰਘ , ਬੱਗਾ ਸਿੰਘ, ਫਤਿਹ ਪਰਭਾਕਰ, ਅਵਤਾਰ ਸਿੰਘ, ਕੌਂਸਲਰ ਸਤਿੰਦਰ ਸੈਣੀ, ਜੋਰਾ ਸਿੰਘ ਮਾਝੀ ਅਤੇ ਗੁਰਦੀਪ ਸਿੰਘ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਕਿ ਸ਼ਹਿਰ ਦੇ ਬਾਕੀ ਰਹਿੰਦੇ ਸਮੂਹ ਵਾਰਡਾਂ ਦੇ ਸੁਹਿਰਦ ਮੋਹਰੀਆਂ ਨਾਲ ਰਾਬਤਾ ਕਰਕੇ 25 ਅਕਤੂਬਰ ਨੂੰ ਸਥਾਨਕ ਬਾਬਾ ਹਿੰਮਤ ਸਿੰਘ ਧਰਮਸ਼ਾਲਾ ਵਿਚ ਮੀਟਿੰਗ ਕਰਕੇ ਜਥੇਬੰਦੀਆਂ ਨੂੰ ਪੂਰਨ ਰੂਪ ਦਿੱਤਾ ਜਾਵੇਗਾ। ਐਡਹਾਕ ਕਮੇਟੀ ਮੈਂਬਰ ਬਸ਼ੇਸ਼ਰ ਰਾਮ ਨੇ ਦੱਸਿਆ ਕਿ ਅਗਲੀ ਮੀਟਿੰਗ ਵਿੱਚ ਤਰਜੀਹੀ ਸਮੱਸਿਆਵਾਂ ਦੀ ਨਿਸ਼ਾਨਦੇਹੀ ਕਰਨ ’ਤੇ ਉਸ ਬਾਰੇ ਢੁੱਕਵੀ ਸਰਗਰਮੀ ਕਰਨ ਦਾ ਫ਼ੈਸਲਾ ਵੀ ਲਿਆ। ਮੀਟਿੰਗ ਵਿਚ ਇਹ ਵੀ ਫ਼ੈਸਲਾ ਕੀਤਾ ਕਿ ਮੰਚ ਕਿਸੇ ਵੀ ਸਿਆਸੀ ਧਿਰ ਦਾ ਮੰਚ ਨਹੀਂ ਬਣਾਇਆ ਜਾਵੇਗਾ ਅਤੇ ਸ਼ਹਿਰੀਆਂ ਨੂੰ ਦਰਪੇਸ਼ ਸਮੱਸਿਆਵਾਂ ’ਤੇ ਸਾਂਝੀ ਸਰਗਰਮੀ ਕਰੇਗਾ। ਇਹ ਅਜਿਹੀ ਸਰਗਰਮੀ ਦਾ ਸਾਥ ਦੇਣ ਵਾਲੀ ਹਰ ਜਥੇਬੰਦੀ ਤੇ ਵਿਅਕਤੀ ਦਾ ਸਵਾਗਤ ਕਰੇਗਾ। ਮੀਟਿੰਗ ਵਿੱਚ ਹਰਜੀਤ ਸਿੰਘ ਬਾਲੀਆਂ, ਯਸ਼ਪਾਲ ਸ਼ਰਮਾ, ਗੁਰਮੁਖ ਸਿੰਘ, ਅਮਰੀਕ ਸਿੰਘ, ਗੁਰਦੀਪ ਸਿੰਘ ਲਹਿਰਾ, ਸੁਰਿੰਦਰ ਪਾਲ, ਸੁਖਦੇਵ ਸਿੰਘ, ਜੋਰਾ ਸਿੰਘ, ਗੁਰਲੀਨ, ਓ ਪੀ ਗਰਗ, ਪਰਮਿੰਦਰ ਮਹਿਲਾਂ, ਸੁਖਵਿੰਦਰ ਸਿੰਘ, ਸਤਨਾਮ ਸਿੰਘ ਅਤੇ ਵੀ ਕੇ ਦੀਵਾਨ ਸਮੇਤ ਵੱਖ ਵੱਖ ਪਤਵੰਤੇ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਲੋਕ ਸੀਵਰੇਜ ਦੀ ਸਮੱਸਿਆ, ਪਾਣੀ ਦੀ ਨਿਕਾਸੀ, ਪੀਣ ਵਾਲੇ ਪਾਣੀ, ਟੁੱਟੀਆਂ ਸੜਕਾਂ, ਸਫ਼ਾਈ ਪ੍ਰਬੰਧਾਂ ਸਮੇਤ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਅਜਿਹੇ ’ਚ ਸ਼ਹਿਰ ਦੇ ਪਤਵੰਤਿਆਂ ਨੂੰ ਖੁਦ ਹੀ ਸਮੱਸਿਆਵਾਂ ਦੇ ਹੱਲ ਲਈ ਇਕਜੁੱਟ ਹੋਣਾ ਪੈ ਰਿਹਾ ਹੈ।

Advertisement
Advertisement
×