ਅਕਾਲੀ ਦਲ ਦੀ ਸੁਰਜੀਤੀ ਬਾਰੇ ਗੋਸ਼ਟੀ ਦਾ ਫ਼ੈਸਲਾ
ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਨੀਤੀ ਸਬੰਧੀ ਮਸਤੂਆਣਾ ਸਾਹਿਬ ਵਿੱਚ ਤਿੰਨ ਰੋਜ਼ਾ ਵਿਚਾਰ ਗੋਸ਼ਟੀ 1, 2 ਅਤੇ 3 ਅਗਸਤ ਨੂੰ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਉੱਦਮ ਅਤੇ ਸਿੱਖ ਜਥਿਆਂ ਤੇ ਸਿੱਖ ਸ਼ਖ਼ਸੀਅਤਾਂ ਦੇ ਸਹਿਯੋਗ ਨਾਲ ਕੀਤੀ ਜਾਵੇਗੀ। ਇਸੇ ਸਬੰਧ ਵਿੱਚ ਅੱਜ ਮਸਤੂਆਣਾ ਸਾਹਿਬ ਵਿੱਚ ਪ੍ਰਬੰਧਕੀ ਟੀਮ ਵੱਲੋਂ ਇਕੱਤਰਤਾ ਕੀਤੀ ਗਈ ਜਿਸ ਵਿੱਚ ਪ੍ਰਬੰਧਕਾਂ ਨੇ ਵਿਚਾਰ ਗੋਸ਼ਟੀ ਦੀਆਂ ਤਿਆਰੀਆਂ ਬਾਰੇ ਚਰਚਾ ਕੀਤੀ। ਪ੍ਰਬੰਧਕੀ ਟੀਮ ਦੇ ਬੁਲਾਰਿਆਂ ਨੇ ਦੱਸਿਆ ਕਿ ਗੋਸ਼ਟੀ ਵਿੱਚ ਅਕਾਲੀ ਦਲ ਦੇ ਰੂਪ ਤੇ ਨੀਤੀ ਬਾਰੇ ਚਰਚਾ ਕੀਤੀ ਜਾਵੇਗੀ। ਬੁਲਾਰਿਆਂ ਨੇ ਦੱਸਿਆ ਕਿ ਗੋਸ਼ਟੀ ਵਿੱਚ ਭਾਈ ਪਰਮਜੀਤ ਸਿੰਘ ਗਾਜੀ, ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਡਾ. ਜਮਸ਼ੇਦ ਅਲੀ ਖਾਨ, ਬੀਬੀ ਕਿਰਨਜੋਤ ਕੌਰ, ਡਾ. ਕਮਲਜੀਤ ਸਿੰਘ ਤੇ ਬੀਬੀ ਜਗੀਰ ਕੌਰ, ਐਡਵੋਕੇਟ ਇਕਬਾਲ ਸਿੰਘ ਝੂੰਦਾ, ਅਜੇਪਾਲ ਸਿੰਘ ਬਰਾੜ ਤੇ ਪ੍ਰੋ. ਮਹਿੰਦਰ ਪਾਲ ਸਿੰਘ ਆਦਿ ਵਿਚਾਰਾਂ ਦੀ ਸਾਂਝ ਪਾਉਣਗੇ। ਇਸ ਮੌਕੇ ਸਕੱਤਰ ਜਸਵੰਤ ਸਿੰਘ ਖਹਿਰਾ, ਜਥੇਦਾਰ ਤੇਜਾ ਸਿੰਘ ਕਮਾਲਪੁਰ ਤੇ ਜਥੇਦਾਰ ਮਲਕੀਤ ਸਿੰਘ ਚੰਗਾਲ ਨੇ ਸੰਬੋਧਨ ਕੀਤਾ।