ਹਾਦਸੇ ’ਚ ਮੌਤ: ਕਾਰ ਚਾਲਕ ਖ਼ਿਲਾਫ਼ ਕਾਰਵਾਈ ਲਈ ਥਾਣਾ ਘੇਰਿਆ
ਪੀਡ਼ਤ ਪਰਿਵਾਰ ਨੇ ਮੁਆਵਜ਼ਾ ਮੰਗਿਆ; ਇਨਸਾਫ਼ ਲਈ ਐਕਸ਼ਨ ਕਮੇਟੀ ਕਾਇਮ
ਲਹਿਰਾਗਾਗਾ ਵਿੱਚ ਥਾਣਾ ਰੋਡ ’ਤੇ ਕਾਰ ਦੀ ਫੇਟ ਕਾਰਨ ਜ਼ਖ਼ਮੀ ਹੋਏ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬੱਬੂ ਸਿੰਘ (32) ਪੁੱਤਰ ਕਾਲਾ ਸਿੰਘ ਵਜੋਂ ਹੋਈ ਹੈ। ਪੀੜਤ ਪਰਿਵਾਰ ਨੇ ਕਾਰ ਚਾਲਕ ਖ਼ਿਲਾਫ਼ ਕਾਰਵਾਈ ਅਤੇ ਮੁਆਵਜ਼ੇ ਲਈ ਅੱਜ ਥਾਣਾ ਸਿਟੀ ਅੱਗੇ ਧਰਨਾ ਦਿੱਤਾ। ਜਾਣਕਾਰੀ ਅਨੁਸਾਰ ਬੱਬੂ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਸੰਗਰੂਰ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਪਰ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀ ਜੀ ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਤੇ ਉਸ ਦੀ ਕੱਲ੍ਹ ਰਾਤ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਪਤਨੀ ਤੇ ਦੋ ਬੱਚੇ ਹਨ। ਪਰਿਵਾਰ ਨੇ ਕਾਰ ਚਾਲਕ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਅੱਜ ਜਥੇਬੰਦੀਆਂ ਦੇ ਸਹਿਯੋਗ ਨਾਲ ਥਾਣਾ ਸਿਟੀ ਅੱਗੇ ਧਰਨਾ ਦੇ ਕੇ ਇਨਸਾਫ ਦੀ ਮੰਗ ਕੀਤੀ। ਇਸ ਮੌਕੇ ਡਾ. ਭੀਮ ਰਾਓ ਅੰਬੇਡਕਰ ਸੰਘਰਸ਼ ਕਮੇਟੀ ਦੇ ਗੁਰਜੀਤ ਸਿੰਘ ਤੇ ਗੁਰਪ੍ਰੀਤ ਸਿੰਘ, ਕਾਂਗਰਸੀ ਆਗੂ ਸਨਮੀਕ ਸਿੰਘ ਹੈਨਰੀ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸਰਬਜੀਤ ਸਿੰਘ, ਬਸਪਾ ਦੇ ਜਗਸੀਰ ਸਿੰਘ ਤੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਗੁਰੀ ਚਹਿਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੁਲੀਸ ਕਾਰ ਚਾਲਕ ਨੂੰ ਤੁਰੰਤ ਕਾਬੂ ਕਰ ਕੇ ਉਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕਰੇ ਅਤੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ। ਮ੍ਰਿਤਕ ਦੇ ਪਿਤਾ ਗੁਰਮੇਲ ਸਿੰਘ ਅਤੇ ਮਾਤਾ ਰਾਣੀ ਕੌਰ ਨੇ ਕਿਹਾ ਕਿ ਉਹ ਆਪਣੇ ਪੁੱਤਰ ਦਾ ਸਸਕਾਰ ਇਨਸਾਫ਼ ਮਿਲਣ ਤੋਂ ਬਾਅਦ ਹੀ ਕਰਨਗੇ। ਇਸ ਮੌਕੇ ਇਨਸਾਫ਼ ਲਈ 8 ਮੈਂਬਰੀ ਐਕਸ਼ਨ ਕਮੇਟੀ ਕਾਇਮ ਕੀਤੀ ਗਈ ਜਿਸ ਵਿਚ ਗੁਰਜੰਟ ਸਿੰਘ ਨੰਬਰਦਾਰ, ਸਾਬਕਾ ਕੌਂਸਲਰ ਸਤਪਾਲ ਸਿੰਘ, ਡਾ. ਭੀਮ ਰਾਓ ਅੰਬੇਡਕਰ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਸਤਪਾਲ ਸਿੰਘ ਆਲਮਪੁਰ, ਮਹਿੰਦਰਪਾਲ ਸਿੰਘ ਗੋਰਾ, ਗੁਰਸੇਵਕ ਸਿੰਘ ਗੁਰੀ ਚਹਿਲ, ਸਰਬਜੀਤ ਸਿੰਘ ਤੇ ਕਾਮਰੇਡ ਬਿੱਟੂ ਖੋਖਰ ਨੂੰ ਸ਼ਾਮਲ ਕੀਤਾ ਗਿਆ ਹੈ।
ਪੁਲੀਸ ਵੱਲੋਂ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਨ ਦਾ ਦਾਅਵਾ
ਥਾਣਾ ਮੁਖੀ ਇੰਸਪੈਕਟਰ ਕਰਮਜੀਤ ਸਿੰਘ ਅਤੇ ਸਿਟੀ ਇੰਚਾਰਜ ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਕਾਰ ਚਾਲਕ ਪੰਕਜ ਕੁਮਾਰ ਵਾਸੀ ਲਹਿਰਾਗਾਗਾ ਖ਼ਿਲਾਫ਼ ਪਹਿਲਾਂ ਹੀ ਕੇਸ ਦਰਜ ਕਰ ਲਿਆ ਸੀ ਅਤੇ ਹੁਣ ਬੱਬੂ ਸਿੰਘ ਦੀ ਮੌਤ ਤੋਂ ਬਾਅਦ ਧਾਰਾਵਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਅਤੇ ਮੁਲਜ਼ਮ ਦੀ ਗ੍ਰਿਫਤਾਰੀ ਜਲਦ ਹੀ ਕਰ ਲਈ ਜਾਵੇਗੀ।