ਡੀ ਏ ਪੀ ਦੀ ਕਾਣੀ ਵੰਡ ਖ਼ਿਲਾਫ਼ ਧਰਨਾ
ਤਿੰਨ ਪਿੰਡਾਂ ’ਤੇ ਆਧਾਰਿਤ ਕੋ-ਆਪਰੇਟਿਵ ਸੁਸਾਇਟੀ ਅਲੀਪੁਰ ਖਾਲਸਾ ’ਤੇ ਡੀ ਏ ਪੀ ਦੀ ਕਥਿਤ ਕਾਣੀ ਵੰਡ ਦੇ ਦੋਸ਼ ਲਗਾਉਂਦਿਆਂ ਵਜ਼ੀਦਪੁਰ ਬਧੇਸ਼ਾ ਵਾਸੀ ਕਿਸਾਨਾਂ ਦੀ ਇੱਕ ਧਿਰ ਵੱਲੋਂ ਸੁਸਾਇਟੀ ਪ੍ਰਧਾਨ ਜੁਗਿੰਦਰ ਸਿੰਘ ਦੇ ਘਰ ਅੱਗੇ ਧਰਨਾ ਲਗਾਇਆ ਗਿਆ। ਦੂਜੇ ਪਾਸੇ ਸੁਸਾਇਟੀ...
ਤਿੰਨ ਪਿੰਡਾਂ ’ਤੇ ਆਧਾਰਿਤ ਕੋ-ਆਪਰੇਟਿਵ ਸੁਸਾਇਟੀ ਅਲੀਪੁਰ ਖਾਲਸਾ ’ਤੇ ਡੀ ਏ ਪੀ ਦੀ ਕਥਿਤ ਕਾਣੀ ਵੰਡ ਦੇ ਦੋਸ਼ ਲਗਾਉਂਦਿਆਂ ਵਜ਼ੀਦਪੁਰ ਬਧੇਸ਼ਾ ਵਾਸੀ ਕਿਸਾਨਾਂ ਦੀ ਇੱਕ ਧਿਰ ਵੱਲੋਂ ਸੁਸਾਇਟੀ ਪ੍ਰਧਾਨ ਜੁਗਿੰਦਰ ਸਿੰਘ ਦੇ ਘਰ ਅੱਗੇ ਧਰਨਾ ਲਗਾਇਆ ਗਿਆ। ਦੂਜੇ ਪਾਸੇ ਸੁਸਾਇਟੀ ਪ੍ਰਧਾਨ ਨੇ ਧਰਨਾਕਾਰੀ ਕਿਸਾਨਾਂ ਦੀ ਅਗਵਾਈ ਕਰਦੇ ਤਕਰੀਬਨ ਅੱਧੀ ਦਰਜਨ ਵਿਆਕਤੀਆਂ ਵਿਰੁੱਧ ਥਾਣਾ ਸ਼ੇਰਪੁਰ ਵਿੱਚ ਸ਼ਿਕਾਇਤ ਕਰਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਧਰਨੇ ਦੌਰਾਨ ਕਿਸਾਨ ਆਗੂ ਤੇ ਪਿੰਡ ਵਜ਼ੀਦਪੁਰ ਬਧੇਸ਼ਾ ਦੇ ਸਾਬਕਾ ਸਰਪੰਚ ਮਨਪ੍ਰੀਤ ਸਿੰਘ ਅਤੇ ਗਿਆਨੀ ਜਗਦੀਪ ਸਿੰਘ ਨੇ ਦਾਅਵਾ ਕੀਤਾ ਕਿ ਬਿਨਾਂ ਕਿਸੇ ਮਤੇ ਅਤੇ ਏਜੰਡੇ ਪਿਛਲੇ ਮਹੀਨੇ ਡੀ ਏ ਪੀ ਖਾਦ ਦੇ ਥੈਲਿਆਂ ਦੀ ਵੰਡ ਕੀਤੀ ਗਈ ਜਿਸ ਵਿੱਚ ਆਪਣੇ ਚਹੇਤਿਆਂ ਤੋਂ ਬਿਨਾਂ ਦੂਜਿਆਂ ਨਾਲ ਕਥਿਤ ਪੱਖਪਾਤ ਕੀਤਾ ਗਿਆ। ਆਗੂਆਂ ਨੇ ਆਪਣੇ ਤਿੱਖੇ ਤੇਵਰ ਕਰਦਿਆਂ ਇੱਥੋ ਤੱਕ ਕਿਹਾ ਕਿ ਜੇਕਰ ਛੇਤੀ ਮਸਲਾ ਹੱਲ ਨਾ ਹੋਇਆ ਤਾਂ ਕੋ-ਆਪਰੇਟਿਵ ਸੁਸਾਇਟੀ ਨੂੰ ਜਿੰਦਰਾ ਲਗਾ ਦਿੱਤਾ ਜਾਵੇਗਾ। ਸੁਸਾਇਟੀ ਦੇ ਸਕੱਤਰ ਗੁਰਮੀਤ ਸਿੰਘ ਨੇ ਦੱਸਿਆ ਕਿ ਡੀ ਏ ਪੀ ਦੀ ਵੰਡ ਸਬ ਕਮੇਟੀ ਅਤੇ ਪ੍ਰਧਾਨ ਦੀ ਮੌਜੂਦਗੀ ਦੌਰਾਨ ਬਿਲਕੁੱਲ ਸਹੀ ਕੀਤੀ ਗਈ ਹੈ। ਇਸ ਭਖੇ ਮਸਲੇ ਦੀ ਜ਼ਿਲ੍ਹਾ ਰਜਿਸਟਰਾਰ ਵੱਲੋਂ ਰਿਪੋਰਟ ਮੰਗ ਲਈ ਗਈ ਹੈ।
ਸੁਸਾਇਟੀ ਦੇ ਪ੍ਰਧਾਨ ਨੇ ਕਾਣੀ ਵੰਡ ਦੇ ਦੋਸ਼ ਨਕਾਰੇ
ਕੋ-ਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਜੁਗਿੰਦਰ ਸਿੰਘ ਨੇ ਦੋਸ਼ ਨਕਾਰੇ ਅਤੇ ਦੱਸਿਆ ਕਿ ਇਹ ਸਾਰਾ ਕੁੱਝ ਧੜੇਬੰਦੀ ਕਰਕੇ ਹੋ ਰਿਹਾ ਹੈ ਕਿਉਂਕਿ ਉਹ ਤੇ ਪੂਰੀ ਟੀਮ ਪਾਰਦਸ਼ਤਾ ਨਾਲ ਕੰਮ ਕਰ ਰਹੇ ਹਨ। ਆਪਣੇ ਘਰ ਅੱਗੇ ਲਗਾਏ ਧਰਨੇ ਦਾ ਨੋਟਿਸ ਲੈਂਦਿਆਂ ਉਨ੍ਹਾਂ ਕੁੱਝ ਆਗੂਆਂ ’ਤੇ ਉਨ੍ਹਾਂ ਦੀ ਗੈਰ-ਮੌਜੂਦਗੀ ’ਚ ਪਰਿਵਾਰ ਨੂੰ ਬੁਰਾ ਭਲਾ ਕਹਿਣ ਖ਼ਿਲਾਫ਼ ਥਾਣੇ ਸ਼ਿਕਾਇਤ ਦੇਣ ਅਤੇ ਕਾਨੂੰਨੀ ਕਾਰਵਾਈ ਅੱਗੇ ਵਧਾਉਣ ਦਾ ਅਹਿਮ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ 10 ਅਕਤੂਬਰ ਨੂੰ ਵਫਦ ਜ਼ਿਲ੍ਹਾ ਰਜਿਸਟਰਾਰ ਨੂੰ ਮਿਲੇਗਾ। ਥਾਣੇ ਮੁਨਸ਼ੀ ਜਸਵੀਰ ਸਿੰਘ ਨੇ ਪ੍ਰਧਾਨ ਵੱਲੋਂ ਲਿਖ਼ਤੀ ਸ਼ਿਕਾਇਤ ਮਿਲਣ ਦੀ ਪੁਸ਼ਟੀ ਕੀਤੀ ਹੈ।