ਬਹਾਦਰ ਸਿੰਘ ਵਾਲਾ ਡਰੇਨ ’ਚ ਪਾੜ ਕਾਰਨ ਫ਼ਸਲ ਡੁੱਬੀ
ਲੌਂਗੋਵਾਲ ਕੋਲੋਂ ਲੰਘਦੇ ਬਹਾਦਰ ਸਿੰਘ ਵਾਲਾ ਡਰੇਨ ਦਾ ਪਾਣੀ ਓਵਰਫਲੋਅ ਹੋਣ ਕਾਰਨ ਕਿਸਾਨਾਂ ਦੀ ਲਗਪਗ ਦੋ ਸੌ ਏਕੜ ਤੋਂ ਵੱਧ ਫ਼ਸਲ ਪਾਣੀ ਦੀ ਮਾਰ ਹੇਠ ਆ ਗਈ ਹੈ ਅਤੇ ਡਰੇਨ ਦਾ ਪਾਣੀ ਦੂਰ-ਦੂਰ ਤੱਕ ਫੈਲ ਗਿਆ ਹੈ। ਲੌਂਗੋਵਾਲ ਸ਼ਹਿਰ ਵੱਲ ਵੀ ਡਰੇਨ ’ਚ ਪਾੜ ਪੈ ਗਿਆ ਸੀ ਜਿਸ ਨੂੰ ਕਿਸਾਨਾਂ ਅਤੇ ਲੋਕਾਂ ਵਲੋਂ ਖੁਦ ਹੀ ਮਿਹਨਤ ਕਰਕੇ ਪੂਰ ਲਿਆ ਗਿਆ। ਪਿਛਲੇ ਦੋ ਦਿਨਾਂ ਤੋਂ ਭਾਰੀ ਮੀਂਹ ਕਾਰਨ ਲੌਂਗੋਵਾਲ ਨੇੜਿਓਂ ਲੰਘਦਾ ਬਹਾਦਰ ਸਿੰਘ ਵਾਲਾ ਡਰੇਨ ਪਾਣੀ ਨਾਲ ਨੱਕੋ ਨੱਕ ਭਰ ਕੇ ਵਗ ਰਿਹਾ ਹੈ। ਡਰੇਨ ਦਾ ਪਾਣੀ ਓਵਰਫਲੋਅ ਹੋਣ ਕਾਰਨ ਕਰੀਬ ਦੋ ਸੌ ਏਕੜ ਤੋਂ ਵੱਧ ਝੋਨੇ ਦੀ ਫਸਲ ਪਾਣੀ ਦੀ ਮਾਰ ਹੇਠ ਆ ਗਈ ਹੈ। ਡਰੇਨ ਵਿੱਚ ਪਾੜ ਵੀ ਪੈ ਗਿਆ ਸੀ ਜਿਸ ਕਾਰਨ ਲੌਂਗੋਵਾਲ ਦੇ ਵਸਨੀਕ ਲੋਕਾਂ ਨੂੰ ਖਤਰਾ ਖੜ੍ਹਾ ਹੋ ਗਿਆ ਹੈ ਕਿ ਪਾਣੀ ਦੇ ਤੇਜ਼ ਵਹਾਅ ਕਾਰਨ ਪਾੜ ਕਿਤੇ ਸ਼ਹਿਰ ਵੱਲ ਨਾ ਪੈ ਜਾਵੇ। ਇਸ ਖਦਸ਼ੇ ਨੂੰ ਮੁੱਖ ਰੱਖਦਿਆਂ ਪਿੰਡ ਦੇ ਕਿਸਾਨ ਅਤੇ ਲੋਕ ਜੇਸੀਬੀ ਮਸ਼ੀਨਾਂ ਅਤੇ ਟਰੈਕਟਰ ਟਰਾਲੀਆਂ ਨਾਲ ਲੌਂਗੋਵਾਲ ਦੇ ਰਿਹਾਇਸ਼ੀ ਇਲਾਕੇ ਵਾਲੇ ਪਾਸੇ ਬੰਨ੍ਹ ਨੂੰ ਮਜ਼ਬੂਤ ਕਰਨ ਵਿੱਚ ਜੁਟ ਗਏ ਹਨ। ਮੌਕੇ ’ਤੇ ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਪਰਮਿੰਦਰ ਕੌਰ ਬਰਾੜ ਦੇ ਪਤੀ ਕਮਲ ਬਰਾੜ ਹੋਰ ਕੌਂਸਲਰਾਂ ਸਮੇਤ ਪੁੱਜੇ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਇਸ ਮੌਕੇ ਲੋਕਾਂ ਨੇ ਮਿੱਟੀ ਦੇ ਥੈਲੇ ਡਰੇਨ ਦੇ ਕਿਨਾਰਿਆਂ ’ਤੇ ਲਗਾ ਕੇ ਬੰਨ੍ਹ ਮਜ਼ਬੂਤ ਕਰ ਦਿੱਤਾ ਗਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਦਾ ਕਹਿਣਾ ਹੈ ਕਿ ਜਦੋਂ ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਡਰੇਨ ਉਪਰ ਪੁਲ ਬਣਿਆ ਸੀ ਤਾਂ ਉਸ ਸਮੇਂ ਇਥੋਂ ਮਿੱਟੀ ਚੁੱਕ ਲਈ ਗਈ ਸੀ ਜਿਸ ਕਾਰਨ ਡਰੇਨ ਦੇ ਕਿਨਾਰੇ ਕਮਜ਼ੋਰ ਹੋ ਗਏ ਅਤੇ ਪਾਣੀ ਦੇ ਵਹਾਅ ਕਾਰਨ ਸ਼ਹਿਰ ਵੱਲ ਪਾੜ ਪੈ ਗਿਆ।
ਉਨ੍ਹਾਂ ਦੱਸਿਆ ਕਿ ਲੋਕਾਂ ਵਲੋਂ ਖੁਦ ਮਿਹਨਤ ਕਰਕੇ ਲੌਂਗੋਵਾਲ ਵਾਲੇ ਪਾਸੇ ਪਾੜ ਪੂਰ ਲਿਆ ਗਿਆ ਹੈ ਅਤੇ ਜਦੋਂ ਕਿ ਪਿੰਡ ਸ਼ੇਰੋ ਵਾਲੇ ਪਾਸੇ ਪਾਣੀ ਡਰੇਨ ਦੇ ਕਿਨਾਰਿਆਂ ਤੋਂ ਓਵਰਫਲੋਅ ਹੋ ਕੇ ਖੇਤਾਂ ਵਿਚ ਦਾਖਲ ਹੋ ਚੁੱਕਿਆ ਹੈ ਅਤੇ ਸੈਂਕੜੇ ਏਕੜ ਫਸਲ ਪਾਣੀ ਦੀ ਮਾਰ ਹੇਠ ਆ ਗਈ ਹੈ।