ਸੀਵਰੇਜ ਸਮੱਸਿਆ ਤੋਂ ਖਫ਼ਾ ਕੌਂਸਲਰਾਂ ਵੱਲੋਂ ਤੁਰੰਤ ਕੌਂਸਲ ਮੀਟਿੰਗ ਸੱਦਣ ਦੀ ਮੰਗ
ਸੀਵਰੇਜ ਤੇ ਹੋਰ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਹੇ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਵੱਖ-ਵੱਖ ਵਾਰਡਾਂ ਦੇ ਕਰੀਬ ਦਸ ਨਗਰ ਕੌਂਸਲਰਾਂ ਨੇ ਤੁਰੰਤ ਨਗਰ ਕੌਂਸਲ ਦੀ (ਰੀਕੋਜਿਸ਼ਨ) ਮੀਟਿੰਗ ਬੁਲਾਉਣ ਦੀ ਮੰਗ ਕੀਤੀ ਹੈ। ਨਗਰ ਕੌਂਸਲਰਾਂ ਨੇ ਸੀਵਰੇਜ ਸਮੱਸਿਆ ਲਈ ਸ਼ਹਿਰ ਦੇ ਗੰਦੇ ਨਾਲੇ ਦੀ ਸਫ਼ਾਈ ਤਸੱਲੀਬਖਸ਼ ਨਾ ਹੋਣ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਗੰਦੇ ਨਾਲੇ ਦੀ ਸਫ਼ਾਈ ਲਈ ਖਰਚੀ ਗਈ 9 ਲੱਖ ਰੁਪਏ ਦੀ ਗਰਾਂਟ ਦੀ ਜਾਂਚ ਕਰਾਉਣ ਦੀ ਮੰਗ ਵੀ ਉਠਾਈ ਹੈ। ਨਗਰ ਕੌਂਸਲਰਾਂ ਵਾਰਡ ਨੰਬਰ 23 ਤੋਂ ਕ੍ਰਿਸ਼ਨ ਲਾਲ, ਵਾਰਡ ਨੰਬਰ 16 ਤੋਂ ਵਿਜੇ ਕੁਮਾਰ, ਵਾਰਡ ਨੰਬਰ 27 ਤੋ ਜਸਵੀਰ ਕੌਰਂ, ਵਾਰਡ ਨੰਬਰ 25 ਤੋਂ ਪ੍ਰੀਤ, ਵਾਰਡ ਨੰਬਰ 5 ਤੋਂ ਗੁਰਦੀਪ ਕੌਰ, ਵਾਰਡ ਨੰਬਰ 22 ਤੋਂ ਅਵਤਾਰ ਸਿੰਘ, ਵਾਰਡ ਨੰਬਰ 21 ਤੋਂ ਸਲਮਾ, ਵਾਰਡ ਨੰਬਰ 2 ਤੋਂ ਜਗਜੀਤ ਸਿੰਘ ਨੇ ਨਗਰ ਕੌਂਸਲਰ ਦਫ਼ਤਰ ਵਿਚ ਪ੍ਰਧਾਨ ਦੇ ਨਾਮ ’ਤੇ ਪੱਤਰ ਸੁਪਰਡੈਂਟ ਨੂੰ ਸੌਂਪਿਆ ਗਿਆ ਅਤੇ ਮੰਗ ਕੀਤੀ ਕਿ ਤੁਰੰਤ (ਰੀਕੋਜਿਸ਼ਨ) ਮਾਨਤਾ ਮੀਟਿੰਗ ਬੁਲਾਈ ਜਾਵੇ। ਉਨ੍ਹਾਂ ਪੱਤਰ ਵਿਚ ਕਿਹਾ ਕਿ ਸੁਨਾਮ ਰੋਡ ’ਤੇ ਗੰਦੇ ਨਾਲੀ ਦਸਫ਼ਾਈ 9 ਲੱਖ ਰੁਪਏ ਦੀ ਲਾਗਤ ਨਾਲ ਕਰਵਾਈ ਗਈ ਸੀ ਪਰ ਠੇਕੇਦਾਰ/ਫਰਮ ਵਲੋਂ ਕੰਮ ਤਸੱਲੀਬਖਸ਼ ਨਹੀਂ ਕੀਤਾ ਗਿਆ ਜਿਸ ਕਾਰਨ ਗੰਦਾ ਨਾਲਾ ਓਵਰਫਲੋਅ ਹੋਇਆ ਅਤੇ ਸ਼ਹਿਰ ਵਿਚ ਨਿਵਾਸੀ ਨਾ ਹੋਣ ਕਾਰਨ ਸਾਰਾ ਸ਼ਹਿਰ ਪਾਣੀ ਨਾਲ ਭਰ ਗਿਆ। ਉਨ੍ਹਾਂ ਕਿਹਾ ਕਿ ਠੇਕੇਦਾਰ ਨੂੰ ਪੇਮੈਂਟ ਦੀ ਅਦਾਇਗੀ ਨਾ ਕੀਤੀ ਜਾਵੇ ਅਤੇ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ। ਉਨ੍ਹਾਂ ਪੱਤਰ ਦੀ ਕਾਪੀ ਨਗਰ ਕੌਂਸਲ ਦੇ ਈਓ ਨੂੰ ਭੇਜਦਿਆਂ ਤੁਰੰਤ ਮੀਟਿੰਗ ਸੱਦਣ ਦੀ ਮੰਗ ਕੀਤੀ।