ਬੀਰਬਲ ਰਿਸ਼ੀ
ਸ਼ੇਰਪੁਰ, 13 ਫਰਵਰੀ
ਇਥੇ ਪਿੰਡ ਰਾਮਨਗਰ ਛੰਨਾ ’ਚ ਇੰਡੇਨ ਗੈਸ ਦੀ ਗੱਡੀ ਤੋਂ ਰੀ-ਫਿਲ ਕਰਵਾਏ ਸਿਲੰਡਰ ’ਚੋਂ ਗੈਸ ਦੀ ਥਾਂ ਹਵਾਂ ਭਰੇ ਹੋਣ ਕਾਰਨ ਚੁੱਲ੍ਹੇ ਨਾ ਚੱਲਣ ਤੋਂ ਪੈਦਾ ਹੋਏ ਵਿਵਾਦ ਮਗਰੋਂ ਖਪਤਕਾਰ ਤੇ ਕਿਸਾਨ ਆਗੂ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਛੰਨਾ ਨੇ ਦੱਸਿਆ ਕਿ ਬੀਤੇ ਦਿਨ ਉਸ ਨੇ ਸੰਦੌੜ ਤੋਂ ਇੰਡੇਨ ਗੈਸ ਦੇ ਵਾਹਨ ਤੋਂ ਸਾਢੇ ਅੱਠ ਸੌ ਰੁਪਏ ’ਚ ਰੀ-ਫਿਲ ਕਰਵਾਏ ਗੈਸ ਸਿਲੰਡਰ ਨੂੰ ਜਦੋਂ ਚਲਾਇਆ ਤਾਂ ਉਹ ਨਹੀਂ ਚੱਲਿਆ, ਜਿਸ ਕਰਕੇ ਉਸਨੂੰ ਦੋ ਦਿਨ ਮਾਨਸਿਕ ਪ੍ਰੇਸ਼ਾਨੀ ’ਚੋਂ ਲੰਘਣਾ ਪਿਆ। ਸ੍ਰੀ ਛੰਨਾ ਨੇ ਦੋਸ਼ ਲਗਾਇਆ ਕਿ ਇਸ ਕਿੱਤੇ ਨਾਲ ਜੁੜੇ ਇੱਕ ਵਿਅਕਤੀ ਨੇ ਜਦੋਂ ਗੈਸ ਸਿਲੰਡਰ ’ਚੋ ਗੈਸ ਕੱਢ ਕੇ ਵੇਖੀ ਤਾਂ ਗੈਸ ਦੀ ਥਾਂ ਕਥਿਤ ਤੌਰ ’ਤੇ ਹਵਾ ਭਰੇ ਹੋਣ ਦਾ ਮਾਮਲਾ ਸਾਹਮਣੇ ਆਇਆ। ਬੀਕੇਯੂ ਡਕੌਂਦਾ ਦੇ ਆਗੂ ਦਰਸ਼ਨ ਸਿੰਘ ਕਾਤਰੋਂ ਨੇ ਉਕਤ ਮਾਮਲੇ ਦੀ ਪੜਤਾਲ ਦੀ ਮੰਗ ਕਰਦਿਆਂ ਦਾਅਵਾ ਕੀਤਾ ਕਿ ਅਜਿਹਾ ਕਈ ਹੋਰ ਖਪਤਕਾਰਾਂ ਨਾਲ ਵੀ ਹੋ ਚੁੱਕਿਆ ਹੈ। ਆਗੂ ਅਨੁਸਾਰ ਇਲਾਕੇ ਵਿੱਚ ਕੁਝ ਏਜੰਸੀਆਂ ਦੇ ਕਥਿਤ ਇਸ਼ਾਰੇ ’ਤੇ ਕੁੱਝ ਕਰਿੰਦੇ ਬਿਨਾਂ ਕਿਸੇ ਡਰ ਦੇ ਸਿਲੰਡਰ ਦੀ ਨਿਰਧਾਰਤ ਤੋਂ ਵੱਧ ਰਾਸ਼ੀ ਵਸੂਲ ਰਹੇ ਹਨ ਪਰ ਸਬੰਧਤ ਅਧਿਕਾਰੀ ਪਤਾ ਨਹੀਂ ਕਿਹੜੀ ਮਜਬੂਰੀ ਕਾਰਨ ਮੂਕ ਦਰਸ਼ਕ ਬਣੇ ਹੋਏ ਹਨ।
ਏਜੰਸੀ ਦੇ ਮੈਨੇਜਰ ਨੇ ਦੋਸ਼ ਨਕਾਰੇ
ਸਬੰਧਤ ਗੈਸ ਏਜੰਸੀ ਦੇ ਮੈਨੇਜਰ ਜਗਦੀਪ ਸਿੰਘ ਨੇ ਕਿਹਾ ਕਿ ਨਵੇਂ ਸਿਲੰਡਰ ਵਿੱਚ ਅਜਿਹੀ ਸਮੱਸਿਆ ਆ ਸਕਦੀ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਇਸ ਖਪਤਕਾਰ ਨੇ ਜੋ ਸਿਲੰਡਰ ਲਿਆ ਹੈ ਉਹ ਵੀ ਨਵਾਂ ਹੀ ਹੋਵੇਗੀ ਕਿਉਂਕਿ ਅਜਿਹੀ ਪ੍ਰੇਸ਼ਾਨੀ ਨਵੇਂ ਸਿੰਲਡਰ ’ਚ ਹੀ ਆ ਸਕਦੀ ਹੈ। ਉਨ੍ਹਾਂ ਇਹ ਵੀ ਕਿ ਅਜਿਹੀ ਸਮੱਸਿਆ ਏਜੰਸੀ ਦੇ ਪੱਧਰ ਦੀ ਹੀ ਨਹੀਂ ਹੁੰਦੀ। ਉਂਜ ਉਨ੍ਹਾਂ ਸਬੰਧਤ ਖਪਤਕਾਰ ਨੂੰ ਹੋਰ ਸਿਲੰਡਰ ਦੇਣ ਦੀ ਵੀ ਪੇਸ਼ਕਸ਼ ਕੀਤੀ ਹੈ।