ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ ਐੱਸ ਡੀ ਸੁਖਵੀਰ ਸਿੰਘ ਨੇ ਪਿੰਡ ਕਾਂਝਲਾ ਤੋਂ ਬੁਗਰਾ ਨੂੰ ਜੋੜਦੀ ਸੜਕ ਦੇ ਨਿਰਮਾਣ ਕਾਰਜ ਦੀ ਰਸਮੀ ਸ਼ੁਰੂਆਤ ਕੀਤੀ। ਓ ਐੱਸ ਡੀ ਅਨੁਸਾਰ 2.40 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਜਾ ਰਹੀ 5.80 ਕਿੱਲੋਮੀਟਰ ਸੜਕ ਦੇ ਬਣ ਜਾਣ ਨਾਲ ਪੁੰਨਾਵਾਲ, ਹਸ਼ਨਪੁਰ ਤੇ ਹੋਰ ਪਿੰਡਾਂ ਦੇ ਵਸਨੀਕਾਂ ਨੂੰ ਸਿੱਧਾ ਲਾਭ ਪੁੱਜੇਗਾ।
ਓ ਐਸ ਡੀ ਸੁਖਵੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਲਕਾ ਧੂਰੀ ਵਿੱਚ ਚੱਲ ਰਹੇ ਸਮੂਹ ਵਿਕਾਸ ਕਾਰਜਾਂ ਦੀ ਰੋਜ਼ਾਨਾਂ ਪ੍ਰਗਤੀ ਰਿਪੋਰਟ ਲਏ ਜਾਣ ਦਾ ਦਾਅਵਾ ਕਰਦਿਆਂ ਕਿਹਾ ਕਿ ਸੜਕ ਦੇ ਨਿਰਮਾਣ ਦੇ ਕੰਮ ਨੂੰ ਸਮਾਂਬੱਧ ਕਰਨ ਲਈ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਅਤੇ ਪੰਜਾਬ ਸਰਕਾਰ ਦੇ ਸਾਰੇ ਵਿਕਾਸ ਪ੍ਰਾਜੈਕਟਾਂ ਵਿੱਚ ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ਨੂੰ ਸਭ ਤੋਂ ਵੱਡੀ ਤਰਜੀਹ ਦਿੱਤੀ ਜਾ ਰਹੀ ਹੈ। ਇਸ ਮੌਕੇ ਮੈਂਬਰ ਵਕਫ਼ ਬੋਰਡ ਡਾ. ਅਨਵਰ ਭਸੋੜ, ਪੰਜਾਬ ਮੰਡੀ ਬੋਰਡ ਦੇ ਜੇਈ ਪੰਕਜ, ਰਣਜੋਧ ਸਿੰਘ, ਨਪਿੰਦਰ ਸਿੰਘ, ਜਸਪਾਲ ਸਿੰਘ ਨੰਬਰਦਾਰ, ਕੁਲਦੀਪ ਸਿੰਘ ਨੰਬਰਦਾਰ, ਬਲਵਿੰਦਰ ਸਿੰਘ ਨੰਬਰਦਾਰ, ਦਰਬਾਰਾ ਸਿੰਘ ਨੰਬਰਦਾਰ ਮੌਜੂਦ ਸਨ।
ਓ ਐੱਸ ਡੀ ਵੱਲੋਂ ਸਹਿਕਾਰੀ ਖੇਤੀਬਾੜੀ ਸਭਾ ਦਾ ਦੌਰਾ
ਮੁੱਖ ਮੰਤਰੀ ਦੇ ਓ ਐੱਸ ਡੀ ਸੁਖਵੀਰ ਸਿੰਘ ਨੇ ਕਾਂਝਲਾ ਦੀ ਸਹਿਕਾਰੀ ਖੇਤੀਬਾੜੀ ਬਹੁਮੰਤਵੀ ਸਭਾ ਦਾ ਦੌਰਾ ਕੀਤਾ ਅਤੇ ਸਹਿਕਾਰੀ ਸਭਾ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਮੌਕੇ ’ਤੇ ਮੈਂਬਰਾਂ ਵੱਲੋਂ ਰੱਖੀ ਮੰਗ ਦੇ ਮੱਦੇਨਜ਼ਰ ਸਹਿਕਾਰੀ ਸਭਾ ਵਿੱਚ ਬਣੇ ਸ਼ੈੱਡ ਦਾ ਵਿਸਥਾਰ ਕਰਨ ਅਤੇ ਟਾਈਲਾਂ ਲਗਾਉਣ ਲਈ ਅਗਲੀ ਪ੍ਰਕਿਰਿਆ ਆਰੰਭਣ ਦੇ ਨਿਰਦੇਸ਼ ਦਿੱਤੇ।

