ਭਾਦਸੋਂ ਖੇਤਰ ਦੇ ਪਿੰਡ ਲੌਟ, ਦੰਦਰਾਲਾਂ ਖਰੌੜ, ਆਲੋਵਾਲ ਅਤੇ ਕਿਸ਼ਨਗੜ੍ਹ ਵਿਖੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਨੂੰ ਲੈ ਕੇ ਪੰਜਾਬ ਯੂਥ ਕਾਂਗਰਸ ਦੇ ਸੂਬਾਈ ਪ੍ਰਧਾਨ ਮੋਹਿਤ ਮਹਿੰਦਰਾ ਨੇ ਅੱਜ ਚੋਣਾਂ ਮੀਟਿੰਗਾਂ ਕੀਤੀਆਂ। ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਲੋਕਾਂ ਦੇ ਦੁੱਖ-ਸੁਖ ਵਿੱਚ ਖੜ੍ਹੀ ਹੈ ਅਤੇ ਪਿੰਡ ਪੱਧਰ ’ਤੇ ਵਿਕਾਸ ਲਈ ਠੋਸ ਕੰਮ ਕੀਤੇ ਹਨ।
ਮਹਿੰਦਰਾ ਨੇ ਕਿਹਾ ਕਿ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਵਰਗੀਆਂ ਸੰਸਥਾਵਾਂ ਪਿੰਡਾਂ ਦੇ ਸਿੱਧੇ ਵਿਕਾਸ ਨਾਲ ਜੁੜੀਆਂ ਹੁੰਦੀਆਂ ਹਨ, ਜਿੱਥੇ ਸਾਫ਼, ਇਮਾਨਦਾਰ ਅਤੇ ਲੋਕਾਂ ਦੀ ਸੁਣਨ ਵਾਲੀ ਨੁਮਾਇੰਦਗੀ ਦੀ ਬਹੁਤ ਲੋੜ ਹੁੰਦੀ ਹੈ। ਕਾਂਗਰਸ ਉਮੀਦਵਾਰ ਲੋਕਾਂ ਦੀ ਪਸੰਦ, ਤਜਰਬੇਕਾਰ ਅਤੇ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਹਨ, ਜੋ ਚੁਣੇ ਜਾਣ ’ਤੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣਗੇ।
ਇਸ ਮੌਕੇ ਮੋਹਿਤ ਮਹਿੰਦਰਾ ਦਾ ਕਹਿਣਾ ਸੀ ਕਿ ਆਪ ਸਰਕਾਰ ਦੇ ਰਾਜ ਕਾਲ ’ਚ ਸੜਕਾਂ, ਪੀਣ ਵਾਲੇ ਪਾਣੀ, ਸਿਹਤ ਸਹੂਲਤਾਂ, ਬਿਜਲੀ ਸਮੱਸਿਆ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਨਾਲ ਜੋੜਨ ’ਚ ਵੀ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ’ਤੇ ਇਨ੍ਹਾਂ ਸਾਰੇ ਮੁੱਦਿਆਂ ਨੂੰ ਤਰਜੀਹੀ ਤੌਰ ’ਤੇ ਹੱਲ ਕੀਤਾ ਜਾਵੇਗਾ।
ਪਿੰਡਾਂ ਵਿੱਚ ਮਿਲੇ ਭਰਪੂਰ ਸਹਿਯੋਗ ਨਾਲ ਕਾਂਗਰਸ ਆਗੂਆਂ ਨੇ ਚੋਣਾਂ ਵਿੱਚ ਵੱਡੀ ਜਿੱਤ ਦੀ ਉਮੀਦ ਵੀ ਜਤਾਈ।

