DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੰਪਿਊਟਰ ਅਧਿਆਪਕਾਂ ਨੇ ਸਰਕਾਰ ਦੀ ਅਰਥੀ ਫੂਕੀ

ਵਾਅਦਾ ਕਰ ਕੇ ਮੀਟਿੰਗਾਂ ਤੋਂ ਭੱਜਣ ਦੇ ਦੋਸ਼; ‘ਆਪ’ ਉਮੀਦਵਾਰ ਦੀ ਕੋਠੀ ਅੱਗੇ ਪੱਕੇ ਮੋਰਚੇ ਦਾ ਐਲਾਨ

  • fb
  • twitter
  • whatsapp
  • whatsapp
featured-img featured-img
ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕਰਦੇ ਹੋਏ ਕੰਪਿਊਟਰ ਅਧਿਆਪਕ। -ਫੋਟੋ: ਲਾਲੀ
Advertisement

ਕੰਪਿਊਟਰ ਅਧਿਆਪਕਾਂ ਵੱਲੋਂ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੰਜਾਬ ਸਰਕਾਰ ਦੀ ਅਰਥੀ ਅਤੇ ਝੂਠੇ ਵਾਅਦਿਆਂ ਦੀ ਪੰਡ ਫ਼ੂਕਦਿਆਂ ਮੁਜ਼ਾਹਰਾ ਕੀਤਾ ਗਿਆ। ਕੰਪਿਊਟਰ ਅਧਿਆਪਕਾਂ ਨੇ ਪਿਛਲੇ ਤਿੰਨ ਮਹੀਨਿਆਂ ਦੌਰਾਨ 7ਵੀਂ ਵਾਰ ਮੀਟਿੰਗ ਤੋਂ ਭੱਜਣ ਦਾ ਦੋਸ਼ ਲਾਉਂਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਮੰਗਾਂ ਨਾ ਮੰਨਣ ’ਤੇ 26 ਅਕਤੂਬਰ ਨੂੰ ਤਰਨ ਤਾਰਨ ਵਿਚ ਮਹਾਂ ਰੈਲੀ ਕਰਕੇ ‘ਆਪ’ ਉਮੀਦਵਾਰ ਦੀ ਕੋਠੀ ਅੱਗੇ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ। ਇਸ ਮੌਕੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਆਗੂ ਨਰਦੀਪ ਸ਼ਰਮਾ, ਕੁਲਵਿੰਦਰ ਸਿੰਘ, ਜ਼ਿਲ੍ਹਾ ਆਗੂ ਕੁਲਦੀਪ ਸਿੰਘ, ਹਰਵਿੰਦਰ ਸਿੰਘ, ਬੀਰਬਲ ਸਿੰਘ ਤੇ ਕੰਵਲਜੀਤ ਸਿੰਘ ਆਦਿ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪਿਛਲੇ ਤਿੰਨ ਮਹੀਨਿਆਂ ਦੌਰਾਨ ਕੰਪਿਊਟਰ ਅਧਿਆਪਕਾਂ ਨਾਲ 7ਵੀਂ ਵਾਰ ਮੀਟਿੰਗ ਮੁਲਤਵੀ ਕੀਤੀ ਗਈ ਹੈ ਜਿਸ ਕਾਰਨ ਅਧਿਆਪਕਾਂ ’ਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 109 ਕੰਪਿਊਟਰ ਅਧਿਆਪਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੇ ਪਰਿਵਾਰ ਤਰਸਯੋਗ ਹਾਲਾਤਾਂ ਵਿਚ ਜ਼ਿੰਦਗੀ ਗੁਜ਼ਾਰ ਰਹੇ ਹਨ ਪਰ ਸਰਕਾਰ ਨੇ ਪੀੜਤ ਪਰਿਵਾਰਾਂ ਨੂੰ ਫੁੱਟੀ ਕੌਡੀ ਨਹੀਂ ਦਿੱਤੀ। ਨਾ ਕੋਈ ਪੈਨਸ਼ਨ, ਨਾ ਗਰੈਚੁਟੀ ਅਤੇ ਨਾ ਹੀ ਕਿਸੇ ਵੀ ਕਿਸਮ ਦੀ ਹੋਰ ਮਾਲੀ ਮਦਦ ਕੀਤੀ ਗਈ ਜਦੋਂ ਕਿ ਸ਼ਰਾਬ ਪੀ ਕੇ ਮਰਨ ਵਾਲਿਆਂ ਨੂੰ ਲੱਖਾਂ ਰੁਪਏ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ 15 ਸਤੰਬਰ 2022 ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਦੀਵਾਲੀ ਮੌਕੇ ਕੰਪਿਊਟਰ ਅਧਿਆਪਕਾਂ ਨੂੰ 6ਵਾਂ ਪੇਅ ਕਮਿਸ਼ਨ ਦਿੱਤਾ ਜਾਵੇਗਾ ਅਤੇ ਸੀਐਸਆਰ ਰੂਲਜ ਲਾਗੂ ਕੀਤੇ ਜਾਣਗੇ ਪਰ 2025 ਦੀ ਦੀਵਾਲੀ ਤੱਕ ਵੀ ਇਹ ਵਾਅਦਾ ਵਫ਼ਾ ਨਹੀਂ ਹੋਇਆ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਤਰਨਤਾਰਨ ਜ਼ਿਮਨੀ ਚੋਣ ਤੋਂ ਪਹਿਲਾਂ ਛੇਵਾਂ ਪੇਅ ਕਮਿਸ਼ਨਰ ਅਤੇ ਪੰਜਾਬ ਸਿਵਲ ਸਰਵਿਸਿਜ਼ ਨਿਯਮ ਪੂਰੀ ਤਰ੍ਹਾਂ ਲਾਗੂ ਨਹੀਂ ਕੀਤੇ ਗਏ ਅਤੇ ਮੌਤ ਦੇ ਕੇਸਾਂ ਸਬੰਧੀ ਕੋਈ ਪਾਲਿਸੀ ਨਾ ਬਣਾਈ ਤਾਂ 26 ਅਕਤੂਬਰ ਨੂੰ ਤਰਨਤਾਰਨ ਵਿੱਚ ਰੈਲੀ ਕਰਕੇ ‘ਆਪ’ ਉਮੀਦਵਾਰ ਦੀ ਕੋਠੀ ਅੱਗੇ ਪੱਕਾ ਮੋਰਚਾ ਲਗਾਇਆ ਜਾਵੇਗਾ। ਇਸ ਮੌਕੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਆਗੂ ਲੱਕੀ ਸਿੰਗਲਾ, ਅਸੋਕ ਕੁਮਾਰ, ਬਲਦੀਪ ਸਿੰਘ, ਤੇਜਿੰਦਰ ਬਾਂਸਲ, ਸੁਮਿਤ ਖੁਰਾਣਾ, ਨੀਰਜ ਯਾਦਵ, ਸੁਖਬੀਰ ਕੌਰ, ਜਸਵਿੰਦਰ ਕੌਰ, ਮੀਨੂੰ ਸ਼ਰਮਾ, ਹਰਪ੍ਰੀਤ ਕੌਰ ਆਦਿ ਸ਼ਾਮਲ ਸਨ।

Advertisement
Advertisement
×