ਸੀਟੂ ਨੇ ਨਵੇਂ ਲੇਬਰ ਕੋਡਾਂ ਦੀਆਂ ਕਾਪੀਆਂ ਸਾੜੀਆਂ
ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ; ਮਜ਼ਦੂਰਾਂ ਦਾ ਸ਼ੋਸ਼ਣ ਕਰਨ ਦੇ ਦੋਸ਼
ਸੈਂਟਰ ਆਫ਼ ਇੰਡੀਆ ਟਰੇਡ ਯੂਨੀਅਨ (ਸੀਟੂ) ਨੇ ਭਗਵਾਨ ਮਹਾਂਵੀਰ ਚੌਕ ਵਿੱਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਚਾਰ ਮਜ਼ਦੂਰ ਵਿਰੋਧੀ ਲੇਬਰ ਕੋਡਾਂ ਦੀਆਂ ਕਾਪੀਆਂ ਸਾੜ ਕੇ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਸੀਟੂ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਤਪਨ ਸੇਨ ਅਤੇ ਕੌਮੀ ਪ੍ਰਧਾਨ ਹੇਮ ਲਤਾ ਦੀ ਅਗਵਾਈ ਹੇਠ ਵੱਡੀ ਗਿਣਤੀ ਸੀਟੂ ਦੇ ਕਾਰਕੁਨ ਰੋਸ ਮਾਰਚ ਕਰਦੇ ਹੋਏ ਦਿੱਲੀ-ਲੁਧਿਆਣਾ ਹਾਈਵੇਅ ’ਤੇ ਸਥਿਤ ਚੌਕ ਵਿੱਚ ਪੁੱਜੇ, ਜਿਥੇ ਕੇਂਦਰ ਸਰਕਾਰ ਖਿਲਾਫ਼ ਮੁਜ਼ਾਹਰਾ ਕੀਤਾ ਅਤੇ ਚਾਰ ਮਜ਼ਦੂਰ ਵਿਰੋਧੀ ਲੇਬਰ ਕੋਡ ਦੀਆਂ ਕਾਪੀਆਂ ਸਾੜੀਆਂ ਗਈਆਂ।
ਕਾਮਰੇਡ ਤਪਨ ਸੇਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਝੂਠ ਦਾ ਸਹਾਰਾ ਲੈ ਕੇ ਲੇਬਰ ਕੋਡ ਲਿਆਂਦੇ ਗਏ ਹਨ ਜਿਨ੍ਹਾਂ ਦਾ ਦੇਸ਼ ਭਰ ਵਿਚ ਵਿਰੋਧ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੇ ਅਜਿਹੇ ਹਥਕੰਡਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਡਟ ਕੇ ਵਿਰੋਧ ਕੀਤਾ ਜਾਵੇਗਾ। ਸੀਟ ਦੀ ਕੌਮੀ ਪ੍ਰਧਾਨ ਹੇਮ ਲਤਾ ਨੇ ਕਿਹਾ ਕਿ ਮਜ਼ਦੂਰ ਵਿਰੋਧੀ ਕਾਨੂੰਨ ਨੂੰ ਕਿਸੇ ਵੀ ਹਾਲਤ ਵਿਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਦੇਸ਼ ਭਰ ਵਿਚ ਹੋਰ ਵੀ ਤਿੱਖੇ ਸੰਘਰਸ਼ ਕੀਤੇ ਜਾਣਗੇ। ਪੰਜਾਬ ਸੀਟੂ ਦੇ ਜਨਰਲ ਸਕੱਤਰ ਚੰਦਰ ਸੇਖਰ ਨੇ ਕਿਹਾ ਕਿ ਇਹ ਕਾਨੂੰਨ ਮਜ਼ਦੂਰ ਜਮਾਤ ਨੂੰ ਗੁਲਾਮ ਕਰਨਾ ਚਾਹੁੰਦੇ ਹਨ ਤਾਂ ਜੋ ਮਜ਼ਦੂਰ ਦੀ ਨੌਕਰੀ ਦੀ ਕੋਈ ਸ਼ਰਤ ਨਾ ਮੰਨੀ ਜਦੋਂ ਮਰਜ਼ੀ ਰੱਖ ਲਓ ਅਤੇ ਜਦੋਂ ਮਰਜ਼ੀ ਕੱਢ ਦਿਓ। ਉਨ੍ਹਾਂ ਕਿਹਾ ਕਿ ਮਜ਼ਦੂਰ ਦੀ ਦਿਹਾੜੀ ਦਾ ਸਮਾਂ ਵਧਾ ਕੇ ਮਜ਼ਦੂਰ ਵਰਗ ਦਾ ਸ਼ੋਸ਼ਣ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹਨ੍ਹਾਂ ਕਾਨੂੰਨਾਂ ਦੇ ਖਿਲਾਫ਼ ਦੇਸ਼ ਭਰ ਦੇ ਮਜ਼ਦੂਰਾਂ ਵਿਚ ਭਾਰੀ ਰੋਸ ਹੈ। ਇਸ ਮੌਕੇ ਸੀਟੂ ਦੀ ਕੌਮੀ ਸਕੱਤਰ ਕਾਮਰੇਡ ਊਸ਼ਾ ਰਾਣੀ, ਸੂਬਾ ਪ੍ਰਧਾਨ ਮਹਾਂ ਸਿੰਘ ਰੋੜੀ, ਸਵਾਗਤੀ ਕਮੇਟੀ ਦੇ ਚੇਅਰਮੈਨ ਮੇਜਰ ਸਿੰਘ ਪੁੰਨਾਂਵਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੀਟੂ ਦੇ ਵਰਕਰ ਮੌਜੂਦ ਸਨ।

