ਮਸੀਹੀ ਭਾਈਚਾਰੇ ਵੱਲੋਂ ਸਮਾਣਾ ’ਚ ਰੈਲੀ
ਸੁਭਾਸ਼ ਚੰਦਰ
ਸਮਾਣਾ, 18 ਜੂਨ
ਮਸੀਹੀ ਭਾਈਚਾਰੇ ਵਲੋਂ ‘ਅਣਖ ਜਗਾਓ, ਆਜ਼ਾਦੀ ਪਾਓ, ਰਾਜ ਲਿਆਓ’ ਬੈਨਰ ਹੇਠ ਇੱਥੇ ਦਾਣਾ ਮੰਡੀ ਵਿੱਚ ਰੈਲੀ ਕੀਤੀ ਗਈ। ਕ੍ਰਿਸ਼ਚੀਅਨ ਨੈਸ਼ਨਲ ਫਰੰਟ ਦੀ ਅਗਵਾਈ ਵਿੱਚ ਕੌਮੀ ਪ੍ਰਧਾਨ ਲਾਰੈਂਸ ਚੌਧਰੀ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਪੱਧਰੀ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਲਾਰੈਂਸ ਚੌਧਰੀ ਨੇ ਕਿਹਾ ਕਿ ਸਿਆਸੀ ਵਿਤਕਰੇ ਕਾਰਨ ਦੇਸ਼ ਦੀ ਆਜ਼ਾਦੀ ਦੇ 78 ਸਾਲ ਬਾਅਦ ਵੀ ਮਸੀਹੀ ਭਾਈਚਾਰਾ ਰੋਟੀ, ਕੱਪੜਾ ਅਤੇ ਮਕਾਨ ਵਰਗੀਆਂ ਮੁਸ਼ਕਲਾਂ ਨਾਲ ਜੂਝ ਰਿਹਾ ਹੈ। ਵਿਧਾਇਕ ਤੇ ਸੰਸਦ ਮੈਂਬਰ ਮਸੀਹੀ ਭਾਈਚਾਰੇ ਦੇ ਮੁੱਦੇ ਵਿਧਾਨ ਸਭਾ ਤੇ ਸੰਸਦਾਂ ਵਿੱਚ ਨਹੀਂ ਚੁੱਕਦੇ। ਉਨ੍ਹਾਂ ਐਲਾਨ ਕੀਤਾ ਕਿ ਚਰਚ ਦੀ ਸੁਰੱਖਿਆ, ਪਾਸਟਰਾਂ ਦਾ ਸਨਮਾਨ, ਕਬਰਸਤਾਨਾਂ ਲਈ ਜ਼ਮੀਨ, ਰਾਖਵਾਂਕਰਨ, ਕ੍ਰਿਸ਼ਚੀਅਨ ਰੈਜੀਮੈਂਟ ਦੀ ਬਹਾਲੀ, ਯੇਰੂਸ਼ਲਮ ਯਾਤਰਾ, ਲੋੜਵੰਦ ਵਿਦਿਆਰਥੀਆਂ ਦੇ ਵਜ਼ੀਫੇ ਅਤੇ ਬੇਘਰ ਲੋਕਾਂ ਲਈ ਘਰ ਆਦਿ ਮੁੱਦਿਆਂ ਦੇ ਹੱਲ ਲਈ ਸਰਕਾਰਾ ਵੱਲ ਤਕਣ ਦੀ ਬਜਾਏ ਆਪਣੀ ਸਿਆਸੀ ਪਾਰਟੀ ਬਣਾ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕਰਾਂਗੇ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਵੀ ਵੱਡੀਆਂ ਰੈਲੀਆ ਕੀਤੀਆਂ ਜਾਣਗੀਆਂ। ਇਸ ਮੌਕੇ ਸੀਐੱਨਐਫ਼ ਵਿਰੋਧੀ ਗਤੀਵਿਧੀਆਂ ਕਾਰਨ ਕੋਰ ਕਮੇਟੀ ਨੇ ਪਾਸਟਰ ਗੁਰਚਰਨ ਸਿੰਘ ਨੂੰ ਬਰਖਾਸਤ ਕਰ ਤਰਸੇਮ ਸੰਗਲਾਂ ਨੂੰ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਤੇ ਬਿਸ਼ਪ ਰਾਜੀਵ ਕੁਮਾਰ ਨੂੰ ਮੀਤ ਪ੍ਰਧਾਨ ਪੰਜਾਬ ਐਲਾਨ ਕੀਤਾ ਹੈ। ਇਸ ਮੌਕੇ ਪਾਸਟਰ ਦਰਸ਼ਨ, ਰਮੇਸ਼ ਪਟਿਆਲ਼ਾ ਜਸਵੰਤ ਪਠਾਨਕੋਟ, ਤਰਸੇਮ ਸੰਗਲਾਂ, ਰਵੀ ਪੰਜਾਬ ਯੂਥ ਮੀਤ ਪ੍ਰਧਾਨ, ਜਗਦੀਪ ਹੈਰੀ ਮਾਨਸਾ, ਸੈਮਪੌਲ ਸੰਗਰੂਰ, ਗੁਰਪਿਆਰ ਮਾਨਸਾ ਆਦਿ ਨੇ ਸੰਬੋਧਨ ਕੀਤਾ।