ਘਰਾਂ ’ਚੋਂ ਲਾਹੇ ਚਿੱਪ ਵਾਲੇ ਮੀਟਰ ਪਾਵਰਕੌਮ ਨੂੰ ਸੌਂਪੇ
ਬਿਜਲੀ ਸਪਲਾੲੀ ਬਿਨਾਂ ਮੀਟਰਾਂ ਤੋਂ ਜਾਰੀ ਰੱਖਣ ਦਾ ਅੈਲਾਨ; ਬਿਜਲੀ ਸੋਧ ਬਿੱਲ ਦੀ ਆਲੋਚਨਾ
ਕਿਸਾਨ ਮਜ਼ਦੂਰ ਮੋਰਚੇ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਬਿਜਲੀ ਸੋਧ ਬਿੱਲ ਖ਼ਿਲਾਫ਼ ਤਿੱਖਾ ਹਮਲਾ ਬੋਲਦਿਆਂ ਜ਼ਿਲ੍ਹਾ ਭਰ ਦੇ ਵੱਖ-ਵੱਖ ਪਿੰਡਾਂ ਵਿਚੋਂ ਉਤਾਰੇ ਗਏ ਸੈਕੜੇ ਚਿੱਪ ਵਾਲੇ ਬਿਜਲੀ ਮੀਟਰ ਅੱਜ ਜ਼ਿਲ੍ਹੇ ਵਿੱਚ ਪਾਵਰਕੌਮ ਦੇ ਵੱਖ-ਵੱਖ ਸਬ-ਡਿਵੀਜ਼ਨ ਦਫ਼ਤਰਾਂ ਵਿੱਚ ਜਮ੍ਹਾਂ ਕਰਵਾਏ ਗਏ। ਉਨ੍ਹਾਂ ਐਲਾਨ ਕੀਤਾ ਹੈ ਕਿ ਜਦੋਂ ਤੱਕ ਬਿਜਲੀ ਸੋਧ ਬਿਲ ਰੱਦ ਕਰਨ ਲਈ ਕਾਰਵਾਈ ਨਹੀ ਕੀਤੀ ਜਾਂਦੀ ਉਦੋਂ ਤੱਕ ਬਗੈਰ ਮੀਟਰਾਂ ਵਾਲੇ ਘਰਾਂ ਦੀ ਬਿਜਲੀ ਸਪਲਾਈ ਸਿੱਧੀਆਂ ਤਾਰਾਂ ਨਾਲ ਜਾਰੀ ਰਹੇਗੀ ਅਤੇ ਕਿਸਾਨਾਂ ਅਤੇ ਖਪਤਕਾਰਾਂ ਖਿਲਾਫ਼ ਸਰਕਾਰ ਦੀ ਕਾਰਵਾਈ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਕੁਲਵਿੰਦਰ ਸਿੰਘ ਸੋਨੀ ਲੌਂਗੋਵਾਲ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਮੋਰਚੇ ਵਲੋਂ ਦਿੱਤੇ ਸੱਦੇ ਤਹਿਤ ਅੱਜ ਦੂਜੇ ਦਿਨ ਵੀ ਜ਼ਿਲ੍ਹਾ ਭਰ ਦੇ ਵੱਖ-ਵੱਖ ਪਿੰਡਾਂ ਵਿਚੋਂ ਚਿੱਪ ਵਾਲੇ ਬਿਜਲੀ ਮੀਟਰ ਉਤਾਰੇ ਗਏ ਅਤੇ ਪਾਵਰਕੌਮ ਦੀਆਂ ਵੱਖ-ਵੱਖ ਸਬ-ਡਿਵੀਜ਼ਨਾਂ ਵਿਚ ਹਜ਼ਾਰਾਂ ਮੀਟਰ ਜਮ੍ਹਾਂ ਕਰਵਾ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਦੂਜੇ ਦਿਨ ਵੀ ਬਲਾਕ ਸੰਗਰੂਰ,ਲਹਿਰਾ, ਧੂਰੀ, ਸੁਨਾਮ ਅਤੇ ਮੂਨਕ ਦੇ ਪਿੰਡਾਂ ਵਿਚੋਂ ਮੀਟਰ ਉਤਾਰਨ ਤੋਂ ਬਾਅਦ ਸਿੱਧੀਆਂ ਤਾਰਾਂ ਜੋੜ ਕੇ ਸਬੰਧਤ ਘਰਾਂ ਦੀ ਬਿਜਲੀ ਸਪਲਾਈ ਚਾਲੂ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਬਿਜਲੀ ਸੋਧ ਬਿਲ ਲਾਗੂ ਹੋਣ ਨਾਲ ਜਿਥੇ ਬਿਜਲੀ ਖੇਤਰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਹੋ ਜਾਵੇਗਾ, ਉਥੇ ਬਿਜਲੀ ਦੀ ਸਹੂਲਤ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੇ ਇਸ ਹਮਲੇ ਖਿਲਾਫ਼ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਚੁੱਪ ਵੱਟ ਰੱਖੀ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵਿਧਾਨ ਸਭਾ ਵਿਚ ਬਿਜਲੀ ਸੋਧ ਬਿਲ ਨੂੰ ਰੱਦ ਕਰਨ ਦਾ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜੇ ਕਿ ਉਹ ਪੰਜਾਬ ਵਿਚ ਇਹ ਬਿਲ ਲਾਗੂ ਨਹੀਂ ਕਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ਜ਼ਿਲ੍ਹਾ ਸੰਗਰੂਰ ਵਿਚੋਂ ਹਜ਼ਾਰਾਂ ਦੀ ਤਾਦਾਦ ਵਿਚ ਚਿੱਪ ਵਾਲੇ ਮੀਟਰ ਉਤਾਰ ਕੇ ਅੱਜ ਨਾਅਰਿਆਂ ਦੀ ਗੂੰਜ਼ ਵਿਚ ਸਬ ਡਵੀਜ਼ਨ ਦਫ਼ਤਰਾਂ ਵਿਚ ਜਮ੍ਹਾਂ ਕਰਵਾਏ ਗਏ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਮੀਟਰ ਉਤਾਰਨ ਦੀ ਸਹਿਮਤੀ ਦੇਣ ਵਾਲੇ ਪਰਿਵਾਰਾਂ ਦੇ ਮੀਟਰ ਉਤਾਰ ਕੇ ਪਾਵਰਕੌਮ ਦਫ਼ਤਰਾਂ ਵਿਚ ਜਮ੍ਹਾਂ ਕਰਵਾਏ ਜਾਣਗੇ।

