ਝੋਨੇ ’ਤੇ ਚੀਨੀ ਵਾਇਰਸ ਦਾ ਹਮਲਾ, ਕਿਸਾਨਾਂ ਦੀ ਸਾਰ ਲੈਣ ਕੋਈ ਨਾ ਪੁੱਜਾ
ਭਾਕਿਯੂ (ਏਕਤਾ-ਸਿੱਧੂਪੁਰ) ਵੱਲੋਂ ਏ ਡੀ ਸੀ ਨੂੰ ਮੰਗ ਪੱਤਰ; ਵਾਇਰਸ ਨਾਲ ਤਬਾਹ ਹੋਈ ਫ਼ਸਲ ਦੀ ਤੁਰੰਤ ਗਿਰਦਾਵਰੀ ਕਰਾਉਣ ਦੀ ਮੰਗ
ਝੋਨੇ ਦੀ ਫ਼ਸਲ ਉੱਤੇ ਚੀਨੀ ਵਾਇਰਸ ਦੇ ਹਮਲੇ ਨਾਲ ਹੋਏ ਵੱਡੇ ਨੁਕਸਾਨ ਦੀ ਤੁਰੰਤ ਗਿਰਦਵਾਰੀ ਕਰਾਉਣ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ ਅਤੇ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ। ਇਸ ਮੌਕੇ ਭਾਕਿਯੂ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਦੱਸਿਆ ਕਿ ਚੀਨੀ ਵਾਇਰਸ ਨਾਲ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ ਪਰੰਤੂ ਅਜੇ ਤੱਕ ਕਿਸਾਨਾਂ ਦੀ ਸਾਰ ਲੈਣ ਲਈ ਕੋਈ ਅਧਿਕਾਰੀ ਨਹੀਂ ਪੁੱਜਾ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਪਿੰਡਾਂ ’ਚ ਜਾ ਕੇ ਦੇਖਣ ਤੋਂ ਪਤਾ ਲੱਗਾ ਹੈ ਕਿ ਝੋਨੇ ਦੀ ਇਸ ਨਵੀਂ ਬਿਮਾਰੀ ਦਾ ਜਿੱਥੇ ਵੀ ਹਮਲਾ ਹੋਇਆ ਹੈ, ਕਰੀਬ 80 ਤੋਂ 100 ਫੀਸਦੀ ਨੁਕਸਾਨ ਹੋਇਆ ਹੈ ਤੇ ਕਰੀਬ ਹਰ ਪਿੰਡ ’ਚ ਇਸ ਬਿਮਾਰੀ ਨਾਲ ਝੋਨਾ ਨੁਕਸਾਨਿਆ ਗਿਆ ਹੈ ਪਰ ਅਜੇ ਤੱਕ ਕੋਈ ਵੀ ਅਧਿਕਾਰੀ ਜਾਂ ਪਟਵਾਰੀ ਕਿਸਾਨਾਂ ਦੀ ਸਾਰ ਲੈਣ ਜਾਂ ਗਿਰਦਾਵਰੀ ਕਰਨ ਨਹੀਂ ਪਹੁੰਚਿਆ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਫੌਰੀ ਤੌਰ ’ਤੇ ਸਪੈਸ਼ਲ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਵੇ, ਪਿਛਲੇ ਦਿਨੀਂ ਡਰੇਨਾਂ , ਸੂਏ, ਨਹਿਰਾਂ ਦੀ ਸਫਾਈ ਨਾ ਹੋਣ ਕਰਕੇ ਓਵਰਫਲੋਅ ਹੋਣ ਨਾਲ ਕਿਸਾਨਾਂ ਦੀਆਂ ਤਬਾਹ ਹੋਈਆਂ ਫ਼ਸਲਾਂ ਦੇ ਪੂਰੇ ਨੁਕਸਾਨ ਦੀ ਭਰਪਾਈ ਜ਼ਿੰਮੇਵਾਰ ਅਧਿਕਾਰੀਆਂ ਤੇ ਠੇਕੇਦਾਰਾਂ ਤੋਂ ਕਰਵਾਈ ਜਾਵੇ, ਆਗਾਮੀ ਹਾੜ੍ਹੀ ਦੀਆਂ ਫਸਲਾਂ ਦੀ ਬਿਜਾਈ ਲਈ ਡੀਏਪੀ ਖਾਦ ਦਾ ਪ੍ਰਬੰਧ ਕੀਤਾ ਜਾਵੇ ਤੇ ਕੋ-ਆਪ੍ਰੇਟਿਵ ਸੋਸਾਇਟੀਆਂ, ਦੁਕਾਨਦਾਰਾਂ ਵੱਲੋਂ ਖਾਦਾਂ ਨਾਲ ਥੋਪਿਆ ਜਾ ਰਿਹਾ ਬੇਲੋੜਾ ਸਾਮਾਨ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਇਸ ਮੌਕੇ ਬਲਾਕ ਲਹਿਰਾ ਦੇ ਪ੍ਰਧਾਨ ਭੂਰਾ ਸਿੰਘ ਸਲੇਮਗੜ੍ਹ, ਜਨਰਲ ਸਕੱਤਰ ਰਾਮਫਲ ਸਿੰਘ ਜਲੂਰ, ਪ੍ਰੈੱਸ ਸਕੱਤਰ ਜਤਿੰਦਰ ਸਿੰਘ ਜਲੂਰ, ਬਲਾਕ ਸੁਨਾਮ ਦੇ ਜਨਰਲ ਸਕੱਤਰ ਕੇਵਲ ਸਿੰਘ ਜਵੰਧਾ, ਰਿੰਕੂ ਮੂਣਕ ,ਰਾਮਫਲ ਸਿੰਘ ਡੂਡੀਆਂ, ਗਮਦੂਰ ਸਿੰਘ ਭਾਠੂਆਂ, ਮੱਖਣ ਸਿੰਘ ਬਾਦਲਗੜ, ਕਸ਼ਮੀਰ ਸਿੰਘ ਉਗਰਾਹਾਂ, ਹਰਬੰਸ ਸਿੰਘ ਖਡਿਆਲ ਅਤੇ ਹਰਜਿੰਦਰ ਸਿੰਘ ਮਹਿਲਾਂ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।