ਸਤਨਾਮ ਸਿੰਘ ਸੱਤੀ
ਮਸਤੂਆਣਾ ਸਾਹਿਬ, 14 ਜੁਲਾਈ
ਪੰਜਾਬ ਭਵਨ ਸਰੀ ਕੈਨੇਡਾ ਦੇ ਮੁੱਖ ਸੰਸਥਾਪਕ ਸੁੱਖੀ ਬਾਠ ਵੱਲੋਂ ਚਲਾਏ ਜਾ ਰਹੇ ਪ੍ਰਾਜੈਕਟ ‘ਨਵੀਆਂ ਕਲਮਾਂ ਨਵੀਂ ਉਡਾਣ’ ਤਹਿਤ ਮਸਤੂਆਣਾ ਸਾਹਿਬ ਵਿੱਚ ਬਾਲ ਸਾਹਿਤ ਉਤਸਵ ਕਰਵਾਇਆ ਗਿਆ। ਉਤਸਵ ਵਿੱਚ ਛੇ ਜ਼ਿਲ੍ਹਿਆਂ ਤੋਂ 600 ਤੋਂ ਵੱਧ ਬਾਲ ਸਾਹਿਤਕਾਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਖਚੈਨ ਸਿੰਘ ਪਾਪੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਬਾਲ ਉਤਸਵ ਦੀ ਪ੍ਰਧਾਨਗੀ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਕੀਤੀ। ਜਦੋਂ ਕਿ ਪੰਜਾਬੀ ਬਾਲ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਹਾਜ਼ਰ ਹੋਏ। ਪ੍ਰਾਜੈਕਟ ਦੇ ਸੰਚਾਲਕ ਸੁੱਖੀ ਬਾਠ ਅਤੇ ਪ੍ਰਾਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਦੀ ਵਿਸ਼ੇਸ਼ ਹਾਜ਼ਰੀ ਵਿੱਚ ਸਮਾਗਮ ਦੌਰਾਨ 6 ਜ਼ਿਲ੍ਹਿਆਂ ਦੇ ਬਾਲ ਲੇਖਕਾਂ ਦੀਆਂ ਰਚਨਾਵਾਂ ਨਾਲ ਤਿਆਰ 10 ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ। ਇਨ੍ਹਾਂ ਵਿੱਚ ਸੰਗਰੂਰ, ਪਟਿਆਲਾ, ਪ੍ਰਾਇਮਰੀ ਪੱਧਰ ਪੰਜਾਬ, ਮਾਲੇਰਕੋਟਲਾ, ਬਰਨਾਲਾ ਜ਼ਿਲੇ ਦੀਆਂ ਦੋ ਕਿਤਾਬਾਂ, ਬਠਿੰਡਾ ਟੀਮ 1, ਬਠਿੰਡਾ ਟੀਮ 2 ਮੈਰੀਟੋਰੀਅਸ ਸਕੂਲ ਪੰਜਾਬ,ਅਤੇ ਮੋਗਾ ਜ਼ਿਲ੍ਹੇ ਦੀ ਇੱਕ ਕਿਤਾਬ ਸ਼ਾਮਲ ਸੀ। ਸ੍ਰੀ ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਸਰੀ ਕੈਨੇਡਾ, ਸੁਖਚੈਨ ਸਿੰਘ ਪਾਪੜਾ ਏਡੀਸੀ ਸੰਗਰੂਰ, ਜਸਵੰਤ ਸਿੰਘ ਖਹਿਰਾ, ਸੁਖਵਿੰਦਰ ਸਿੰਘ ਫੁੱਲ, ਗੁਰਚਰਨ ਸਿੰਘ ਧਾਲੀਵਾਲ, ਡਾ. ਦਰਸ਼ਨ ਸਿੰਘ ਆਸਟ, ਹਰਿਮੰਦਰ ਸਿੰਘ ਬਰਾੜ ਅਤੇ ਹੋਰ ਸਤਿਕਾਰਯੋਗ ਸ਼ਖਸੀਅਤਾਂ ਨੇ ਬੱਚਿਆਂ ਦੀ ਹੌਸਲਾ-ਅਫਜ਼ਾਈ ਕੀਤੀ ਗਈ। ਸਮਾਗਮ ਵਿੱਚ ਹਿੱਸਾ ਲੈਣ ਵਾਲੇ ਬਾਲ ਸਾਹਿਤਕਾਰਾਂ ਨੇ ਮੰਚ ’ਤੇ ਆਪਣੀਆਂ ਰਚਨਾਵਾਂ ਸੁਣਾ ਕੇ ਸਰੋਤਿਆਂ ਤੋਂ ਖੂਬ ਵਾਹ-ਵਾਹ ਖੱਟੀ। ਮੰਚ ਸੰਚਾਲਨ ਬਲਜੀਤ ਸ਼ਰਮਾ ਅਤੇ ਸ਼ਸ਼ੀ ਬਾਲਾ ਵੱਲੋਂ ਕੀਤਾ ਗਿਆ। ਇਸ ਮੌਕੇ ਅਵਤਾਰ ਸਿੰਘ ਚੋਟੀਆਂ ਜ਼ਿਲ੍ਹਾ ਪ੍ਰਧਾਨ ‘ਨਵੀਂਆਂ ਕਲਮਾਂ ਨਵੀਂ ਉਡਾਣ’ ਸੰਗਰੂਰ, ਕੁਲਵਿੰਦਰ ਕੌਰ ਢੀਂਗਰਾ, ਡਾ. ਜੰਗ ਸਿੰਘ ਫ਼ੱਟੜ ਤੇ ਡਾ. ਇਕਬਾਲ ਸਿੰਘ ਸਕਰੌਦੀ ਆਦਿ ਨੇ ਸੁੱਖੀ ਬਾਠ ਦੀ ਦੂਰਅੰਦੇਸ਼ੀ, ਹਿੰਮਤ ਅਤੇ ਲਗਨ ਦੀ ਸ਼ਲਾਘਾ ਕੀਤੀ। ਜਸਵੰਤ ਸਿੰਘ ਖਹਿਰਾ ਨੇ ਇਸ ਪ੍ਰਾਜੈਕਟ ਦੀ ਸ਼ਲਾਘਾ ਕਰਦਿਆਂ ਅਗਲੇ ਸਾਲ ਹੋਣ ਵਾਲਾ ਬਾਲ ਲੇਖਕ ਉਤਸਵ ਮਸਤੂਆਣਾ ਸਾਹਿਬ ’ਚ ਹੀ ਕਰਵਾਏ ਜਾਣ ਦੀ ਪੇਸ਼ਕਸ਼ ਕੀਤੀ।