ਨਹਿਰੀ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ ਚੈੱਕ ਵੰਡੇ
ਸਰਬੱਤ ਦਾ ਭਲਾ ਟਰੱਸਟ ਦਾ ਉਪਰਾਲਾ; ਦੋ ਸਾਲ ਲਈ ਦੋ-ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣੀ ਸ਼ੁਰੂ
ਤਿੰਨ ਮਹੀਨੇ ਪਹਿਲਾਂ ਨੈਣਾ ਦੇਵੀ ਯਾਤਰਾ ਤੋਂ ਮੁੜਦਿਆਂ ਜਗੇੜਾ ਪੁਲ ਨੇੜੇ ਨਹਿਰ ਵਿੱਚ ਡੁੱਬ ਕੇ ਮਾਰੇ ਗਏ ਪਿੰਡ ਮਾਣਕਵਾਲ ਵਾਸੀ ਦਸ ਦਲਿਤ ਸ਼ਰਧਾਲੂਆਂ ਦੇ ਪਰਿਵਾਰਾਂ ਦੀ ਬਾਂਹ ਫੜਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸ ਪੀ ਸਿੰਘ ਓਬਰਾਏ ਵੱਲੋਂ ਹਰ ਮ੍ਰਿਤਕ ਦੇ ਪਰਿਵਾਰ ਨੂੰ ਦੋ ਹਜ਼ਾਰ ਰੁਪਏ ਮਹੀਨਾ ਪੈਨਸ਼ਨ ਮਨਜ਼ੂਰ ਕਰ ਦਿੱਤੀ ਗਈ ਹੈ। ਟਰੱਸਟ ਦੀ ਜ਼ਿਲ੍ਹਾ ਮਾਲੇਰਕੋਟਲਾ ਯੂਨਿਟ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਕਰਵਾਏ ਸਮਾਗਮ ਦੌਰਾਨ ਟਰੱਸਟ ਆਗੂਆਂ ਵੱਲੋਂ ਦੋ-ਦੋ ਹਜ਼ਾਰ ਰੁਪਏ ਪੈਨਸ਼ਨ ਰਾਸ਼ੀ ਦੇ ਚੈੱਕ ਪੀੜਤ ਪਰਿਵਾਰਾਂ ਨੂੰ ਦਿੱਤੇ ਗਏ। ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮ੍ਰਿਤਕਾਂ ਦੇ ਭੋਗ ਸਮਾਗਮ ਸਮੇਂ ਟਰੱਸਟ ਵੱਲੋਂ ਪ੍ਰਤੀ ਪੀੜਤ ਪਰਿਵਾਰ 2-2 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦੇਣ ਦਾ ਕੀਤਾ ਵਾਅਦਾ ਪੂਰਾ ਕਰ ਦਿੱਤਾ ਗਿਆ ਹੈ ਅਤੇ ਇਹ ਪੈਨਸਨ ਦੋ ਸਾਲ ਤੱਕ ਪੀੜਤ ਪਰਿਵਾਰਾਂ ਨੂੰ ਨਿਰੰਤਰ ਮਿਲਦੀ ਰਹੇਗੀ। ਇਸ ਤੋਂ ਪਹਿਲਾਂ ਜ਼ਿਲ੍ਹਾ ਪਰਿਸ਼ਦ ਸੰਗਰੂਰ ਦੇ ਸਾਬਕਾ ਚੇਅਰਮੈਨ ਜਸਵੀਰ ਸਿੰਘ ਦਿਓਲ ਹਰ ਪੀੜਤ ਪਰਿਵਾਰ ਨੂੰ 21-21 ਹਜ਼ਾਰ ਰੁਪਏ ਦੀ ਵਿੱਤੀ ਮਦਦ ਦੇ ਚੁੱਕੇ ਹਨ। ਚੈੱਕ ਵੰਡਣ ਵੇਲੇ ਪ੍ਰਧਾਨ ਭਾਈ ਘੁੰਮਣ, ਯੂਥ ਅਕਾਲੀ ਆਗੂ ਅਮਰਿੰਦਰ ਸਿੰਘ ਮੰਡੀਆਂ, ਸੀਨੀਅਰ ਮੀਤ ਪ੍ਰਧਾਨ ਮਨਦੀਪ ਸਿੰਘ ਖੁਰਦ ਅਤੇ ਅਮਰਜੀਤ ਸਿੰਘ ਭੈਣੀ ਮੌਜੂਦ ਸਨ।

