ਬਾਲ ਮਜ਼ਦੂਰੀ ਰੋਕਣ ਲਈ ਫੈਕਟਰੀਆਂ ਦੀ ਚੈਕਿੰਗ
ਪਰਮਜੀਤ ਸਿੰਘ ਕੁਠਾਲਾ
ਮਾਲੇਰਕੋਟਲਾ, 22 ਮਈ
ਕੌਮੀ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੀਆਂ ਹਿਦਾਇਤਾਂ ਅਧੀਨ ਉਦਯੋਗਿਕ, ਘਰੇਲੂ ਅਤੇ ਹੋਰ ਖੇਤਰਾਂ ਵਿੱਚ ਬੱਚਿਆਂ ਅਤੇ ਬਾਲ ਮਜ਼ਦੂਰਾਂ ਦੀ ਸੁਰੱਖਿਆ ਅਤੇ ਪੁਨਰਵਾਸ ਨੂੰ ਯਕੀਨੀ ਬਨਾਉਣ ਲਈ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਕੀਤੇ ਜਾ ਰਹੇ ਯਤਨਾਂ ਤਹਿਤ ਅੱਜ ਜ਼ਿਲ੍ਹਾ ਪੱਧਰੀ ਲੇਬਰ ਟਾਸਕ ਫੋਰਸ ਵੱਲੋਂ ਜ਼ਿਲ੍ਹੇ ਦੇ ਉਦਯੋਗਿਕ ਅਦਾਰਿਆਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਹਰਪ੍ਰੀਤ ਕੌਰ ਮੁਤਾਬਿਕ ਵਿਸ਼ੇਸ਼ ਚੈਕਿੰਗ ਮੁਹਿੰਮ ਵਿੱਚ ਛੋਟੀਆਂ ਅਤੇ ਵੱਡੀਆਂ ਉਦਯੋਗਿਕ ਇਕਾਈਆਂ ਦੇ ਮਾਲਕਾਂ, ਮੈਨੇਜਰਾਂ, ਸੁਪਰਵਾਈਜ਼ਰਾਂ ਅਤੇ ਪ੍ਰਬੰਧਕਾਂ ਨੂੰ ਬਾਲ ਮਜ਼ਦੂਰੀ ਦੀ ਰੋਕਥਾਮ, ਬੱਚਿਆਂ ਦੇ ਪੁਨਰਵਾਸ ਅਤੇ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਟਾਸਕ ਫੋਰਸ ਵੱਲੋਂ ਉਦਯੋਗਿਕ ਇਕਾਈਆਂ ਦੇ ਅਪਰੇਟਰਾਂ ਨੂੰ 18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਤੋਂ ਕੰਮ ਨਹੀਂ ਲੈ ਸਕਣ ਅਤੇ ਅਜਿਹਾ ਕਰਨ ਵਾਲੇ ਵਿਅਕਤੀ ਜਾਂ ਉਦਯੋਗ ਵਿਰੁੱਧ ਕਾਨੂੰਨੀ ਕਾਰਵਾਈ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਬਾਲ ਸੁਰੱਖਿਆ ਅਧਿਕਾਰੀ ਮੁਬੀਨ ਕੁਰੈਸ਼ੀ, ਲੇਬਰ ਇੰਸਪੈਕਟਰ ਹਰਪ੍ਰੀਤ ਕੌਰ, ਸਬ ਇੰਸਪੈਕਟਰ ਬਲਵੀਰ ਸਿੰਘ, ਸੋਸ਼ਲ ਵਰਕਰ ਗੁਰਜੰਤ ਸਿੰਘ, ਸਿਹਤ ਵਿਭਾਗ ਤੋਂ ਮੁਹੰਮਦ ਸੁਹੈਲ, ਸਿੱਖਿਆ ਵਿਭਾਗ ਤੋਂ ਕੁਲਵੀਰ ਸਿੰਘ ਅਤੇ ਰਫੀਕ ਮੁਹੰਮਦ ਵੀ ਮੌਜੂਦ ਸਨ।