ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ
ਸਾਹਿਤ ਸਭਾ ਸੁਨਾਮ ਵੱਲੋਂ ਗੁਰੂ ਤੇਗ ਬਹਾਦਰ ਜੀ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਇਕੱਤਰਤਾ ਸ਼ਹੀਦ ਊਧਮ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਕੀਤੀ ਗਈ।...
ਸਾਹਿਤ ਸਭਾ ਸੁਨਾਮ ਵੱਲੋਂ ਗੁਰੂ ਤੇਗ ਬਹਾਦਰ ਜੀ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਇਕੱਤਰਤਾ ਸ਼ਹੀਦ ਊਧਮ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਕੀਤੀ ਗਈ। ਸਭਾ ਦੇ ਸਰਪ੍ਰਸਤ ਗਿਆਨੀ ਜੰਗੀਰ ਸਿੰਘ ਰਤਨ ਨੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਕਿਹਾ ਕਿ ਧਰਮ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਦਿੱਤੇ ਇਸ ਬਲੀਦਾਨ ਦੀ ਇਤਿਹਾਸ ਵਿੱਚ ਕੋਈ ਦੂਜੀ ਮਿਸਾਲ ਨਹੀਂ ਮਿਲਦੀ। ਅੱਜ ਵੀ ਜਾਤ, ਧਰਮ ਅਤੇ ਭਾਸ਼ਾ ਦੇ ਨਾਂ ’ਤੇ ਵੰਡੇ ਸਮਾਜ ਨੂੰ ਜੋੜਨ ਲਈ ਗੁਰੂ ਸਾਹਿਬ ਦੀ ਪ੍ਰੇਰਨਾ ਦੀ ਲੋੜ ਹੈ।
ਐਡਵੋਕੇਟ ਰਮੇਸ਼ ਕੁਮਾਰ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਨੂੰ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਮਨੁੱਖਤਾ, ਅਹਿੰਸਾ, ਦਇਆ ਅਤੇ ਅਮਨ ਦੇ ਮਾਰਗ ’ਤੇ ਤੁਰਦਿਆਂ ਸਮਾਜ ਨੂੰ ਇਕਜੁੱਟ ਕੀਤਾ ਜਾਵੇ। ਜਨਰਲ ਸਕੱਤਰ ਹਰਮੇਲ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਨੇ ਜ਼ੁਲਮ ਅੱਗੇ ਝੁਕਣ ਦੀ ਬਜਾਏ ਸ਼ਹਾਦਤ ਚੁਣੀ ਅਤੇ ਦੇਸ਼ ਵਾਸੀਆਂ ਨੂੰ ਧਾਰਮਿਕ ਆਜ਼ਾਦੀ ਨਾਲ ਜੀਣ ਦਾ ਹੱਕ ਦਿੱਤਾ। ਸੁਪਿੰਦਰ ਭਾਰਦਵਾਜ ਨੇ ਗੁਰੂ ਸਾਹਿਬ ਦੇ ਬਲਿਦਾਨ ਨੂੰ ਮਨੁੱਖੀ ਧਾਰਮਿਕ ਆਜ਼ਾਦੀ ਦੀ ਅਮਰ ਰੱਖਵਾਲੀ ਦੱਸਿਆ। ਸਮਾਗਮ ਦੌਰਾਨ ਹੋਏ ਕਵੀ ਦਰਬਾਰ ਵਿੱਚ ਜੰਗੀਰ ਸਿੰਘ ਰਤਨ, ਬੇਅੰਤ ਸਿੰਘ, ਹਨੀਫ ਖਾਂ, ਗੁਰਮੀਤ ਸੁਨਾਮੀ, ਹਰਮੇਲ ਸਿੰਘ, ਰਮੇਸ਼ ਕੁਮਾਰ ਅਤੇ ਸੁਪਿੰਦਰ ਭਾਰਦਵਾਜ ਨੇ ਆਪਣੀ ਕਲਾ ਰਾਹੀਂ ਸ਼ਰਧਾ ਭੇਟ ਕੀਤੀ।

