ਚੰਡੀਗੜ੍ਹ ’ਤੇ ਸਿੱਧਾ ਕੰਟਰੋਲ ਕਰਨਾ ਚਾਹੁੰਦੈ ਕੇਂਦਰ: ਢੀਂਡਸਾ
ਰਜੀਵ-ਲੌਂਗੋਵਾਲ ਸਮਝੌਤੇ ਤਹਿਤ ਚੰਡੀਗਡ਼੍ਹ ਨੂੰ ਪੰਜਾਬ ਦਾ ਅਹਿਮ ਹਿੱਸਾ ਦੱਸਿਆ
ਸ਼੍ਰੋਮਣੀ ਅਕਾਲੀ ਦਲ (ਨਵਾਂ) ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਰਜੀਵ-ਲੌਂਗੋਵਾਲ ਸਮਝੌਤਾ ਅਤੇ ਪਿਤਰੀ ਸੂਬਿਆਂ ਦੀ ਰਾਜਧਾਨੀ ਫਾਰਮੂਲੇ ਮੁਤਾਬਕ ਚੰਡੀਗੜ੍ਹ, ਪੰਜਾਬ ਦਾ ਅਟੁੱਟ ਅੰਗ ਹੈ ਪ੍ਰੰਤੂ ਕੇਂਦਰ ਸਰਕਾਰ ਇਸ ਨੂੰ ਪੰਜਾਬ ਤੋਂ ਵੱਖ ਕਰਨਾ ਅਤੇ ਇਸ ਦਾ ਸਿੱਧਾ ਕੰਟਰੋਲ ਹਥਿਆਉਣਾ ਚਾਹੁੰਦਾ ਹੈ। ਢੀਂਡਸਾ ਅਤੇ ਲੌਂਗੋਵਾਲ ਸ਼੍ਰੋਮਣੀ ਅਕਾਲੀ ਦਲ (ਨਵਾਂ) ਵੱਲੋਂ ਅਕਾਲ ਕਾਲਜ ਕੌਂਸਲ ਅਤੇ ਨਿਸ਼ਕਾਮ ਸੇਵਾ ਸੰਸਥਾ ਦੇ ਸਹਿਯੋਗ ਨਾਲ ਮਸਤੂਆਣਾ ਸਾਹਿਬ ਵਿੱਚ ਖੂਨਦਾਨ ਕੈਂਪ ਦੇ ਉਦਘਾਟਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਭ ਤੋਂ ਵੱਡਾ ਜ਼ਖ਼ਮ ਦੇਣ ਵਿੱਚ ਕਾਂਗਰਸ ਦੀ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ, ਕੇਂਦਰ ਦਾ ਹੱਥ ਠੋਕਾ ਬਣ ਕੇ ਕੇਂਦਰੀ ਨੀਤੀਆਂ ਲਾਗੂ ਕਰ ਰਹੀ ਹੈ ਜਿਸ ਦੀ ਪ੍ਰਤੱਖ ਉਦਾਹਰਣ ਡੈਮ ਸੇਫਟੀ ਐਕਟ ਲਾਗੂ ਕਰਨਾ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਵਿਚ ਧਾਰਾ 370 ਨੂੰ ਖਤਮ ਕਰਨ ਦੇ ਹੱਕ ਵਿੱਚ ਵੋਟ ਪਾਉਣ ਵਾਲੇ ਸੁਖਬੀਰ ਸਿੰਘ ਬਾਦਲ ਹੁਣਕੇਂਦਰ ਦਾ ਵਿਰੋਧ ਕਰਨ ਦਾ ਢੋਂਗ ਰਚ ਰਹੇ ਹਨ। ਇਸ ਮੌਕੇ ਜਸਵੰਤ ਸਿੰਘ ਖਹਿਰਾ, ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ, ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਜਥੇਦਾਰ ਮਲਕੀਤ ਸਿੰਘ ਚੰਗਾਲ, ਜਥੇਦਾਰ ਹਰਦੇਵ ਸਿੰਘ ਰੋਗਲਾ, ਜਥੇਦਾਰ ਹਰਿੰਦਰਵੀਰ ਸਿੰਘ ਕਾਕਾ ਫਤਿਹਗੜ੍ਹ, ਗੁਰਜੰਟ ਸਿੰਘ ਦੁੱਗਾਂ, ਡਾਕਟਰ ਰੂਪ ਸਿੰਘ ਸ਼ੇਰੋਂ, ਸਾਬਕਾ ਸਰਪੰਚ ਕਾਲਾ ਸਿੰਘ ਖਹਿਰਾ, ਡਾਕਟਰ ਰੂਪ ਸਿੰਘ, ਮੈਨੇਜਰ ਜਸਵੀਰ ਸਿੰਘ ਗਿੱਦੜਵਾਹਾ, ਦਰਸ਼ਨ ਸਿੰਘ ਲੌਂਗੋਵਾਲ, ਅਮਰਜੀਤ ਸਿੰਘ ਲੌਂਗੋਵਾਲ ਤੇ ਹੋਰ ਮੌਜੂਦ ਸਨ।

