ਜਲ ਸ਼ਕਤੀ ਅਭਿਆਨ ਤਹਿਤ ਕੇਂਦਰੀ ਟੀਮ ਵੱਲੋਂ ਮਾਲੇਰਕੋਟਲਾ ਦਾ ਦੌਰਾ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 23 ਜੂਨ
ਭਾਰਤ ਸਰਕਾਰ ਵੱਲੋਂ ਚਲਾਈ ਗਈ ‘ਜਲ ਸ਼ਕਤੀ ਅਭਿਆਨ-ਕੈਚ ਦਿ ਰੇਨ ਮੁਹਿੰਮ’ ਅਧੀਨ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਕੀਤੇ ਗਏ ਕੰਮਾਂ ਦਾ ਜਾਇਜ਼ਾ ਲੈਣ ਲਈ ਕੇਂਦਰੀ ਟੀਮ ਇੱਥੇ ਪੁੱਜੀ। ਟੀਮ ਦੀ ਅਗਵਾਈ ਡਾਇਰੈਕਟਰ ਉਦਯੋਗਿਕ ਬੁਨਿਆਦੀ ਢਾਂਚਾ ਅਪਗ੍ਰੇਡੇਸ਼ਨ ਸਕੀਮ/ ਜੀ.ਐੱਸ.ਟੀ./ਆਈਐੱਲ/ਵਣਜ ਅਤੇ ਉਦਯੋਗ ਮੰਤਰਾਲਾ ਨਵੀਂ ਦਿੱਲੀ ਅਵਿਨਾਸ਼ ਗੁਪਤਾ ਅਤੇ ਡਿਪਟੀ ਡਾਇਰੈਕਟਰ ਪਵਨ ਕੁਮਾਰ ਨਾਗਰ ਕਰ ਰਹੇ ਸਨ। ਕੇਂਦਰੀ ਟੀਮ ਦੇ ਮਾਲੇਰਕੋਟਲਾ ਪੁੱਜਣ ਤੇ ਜਲ ਸ਼ਕਤੀ ਅਭਿਆਨ-ਕੈਚ ਦਿ ਰੇਨ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਚੱਲ ਰਹੇ ਪ੍ਰਾਜੈਕਟਾਂ ਦੀ ਸਮੀਖਿਆ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਨਿਰੀਖਣ ਟੀਮ ਨੂੰ ਪੀਪੀਟੀ ਦਿਖਾ ਕੇ ਜ਼ਿਲ੍ਹੇ ਅੰਦਰ ਪਾਣੀ ਦੀ ਸੰਭਾਲ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਜਾਣੂ ਕਰਵਾਇਆ ਗਿਆ।
ਮੀਟਿੰਗ ਉਪਰੰਤ ਕੇਂਦਰੀ ਟੀਮ ਨੇ ਜਲ ਸ਼ਕਤੀ ਕੇਂਦਰ, ਵਾਟਰਬਾਡੀ ਟਰੀਟਮੈਂਟ ਪਲਾਂਟ ਪਿੰਡ ਹੱਥਣ ਅਤੇ ਗੁਆਰਾ ਤੋਂ ਇਲਾਵਾ ਵੱਖ ਵੱਖ ਪ੍ਰੋਜੈਕਟਾਂ ਵਾਲੇ ਸਥਾਨਾਂ ਦਾ ਦੌਰਾ ਵੀ ਕੀਤਾ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਵਦੀਪ ਕੌਰ ਨੇ ਵੱਖ-ਵੱਖ ਵਿਭਾਗਾਂ ਵੱਲੋਂ ਪਾਣੀ ਦੇ ਸੋਮਿਆਂ ਦੀ ਸੰਭਾਲ ਅਤੇ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਏ ਜਾ ਰਹੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਬਰਸਾਤਾਂ ਦੇ ਪਾਣੀ ਦੀ ਸੰਭਾਲ, ਪਰੰਪਰਾਗਤ ਪਾਣੀ ਸਰੋਤਾਂ ਨੂੰ ਪੁਨਰ ਸੁਰਜੀਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪਾਣੀ ਦੀ ਸੰਭਾਲ ਲਈ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਜਿਵੇਂ ਕਿ ਹਸਪਤਾਲਾਂ, ਡਿਸਪੈਂਸਰੀਆਂ, ਬੈਂਕਾਂ, ਸਕੂਲਾਂ ਅਤੇ ਕਾਲਜਾਂ ਆਦਿ ਦੀਆਂ ਇਮਾਰਤਾਂ ’ਚ ਪਾਣੀ ਦੀ ਸੰਭਾਲ ਕਰਨ, ਬਰਸਾਤੀ ਪਾਣੀ ਨੂੰ ਸਟੋਰ ਕਰਨ ਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚ ਕਰਨ ਲਈ ਵਾਟਰ ਰੀਚਾਰਜ ਸਿਸਟਮ ਲਾਏ ਜਾ ਰਹੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਾਣੀ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਦੁਰਵਰਤੋਂ ਨੂੰ ਰੋਕਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ।
ਜ਼ਿਲ੍ਹੇ ’ਚ 240 ਪਰੰਪਰਾਗਤ ਪਾਣੀ ਸਰੋਤਾਂ ਨੂੰ ਪੁਨਰ-ਸੁਰਜੀਤ ਕਰਨ ਦੀ ਯੋਜਨਾ
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਵਦੀਪ ਕੌਰ ਨੇ ਦੱਸਿਆ ਕਿ ਸਾਲ 2025 ਦੌਰਾਨ ਜ਼ਿਲ੍ਹੇ ’ਚ 240 ਪਰੰਪਰਾਗਤ ਪਾਣੀ ਸਰੋਤਾਂ ਨੂੰ ਪੁਨਰ-ਸੁਰਜੀਤ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ 12 ਵਾਟਰ ਰੀਚਾਰਜ ਸਿਸਟਮ ਲਾਏ ਜਾ ਰਹੇ ਹਨ ਤਾਂ ਜੋ ਬਰਸਾਤੀ ਪਾਣੀ ਦੀ ਸੰਭਾਲ ਹੋ ਸਕੇ। ਉੁਨ੍ਹਾਂ ਦੱਸਿਆ ਕਿ ਖੇਤੀ ਵਿਚ ਪਾਣੀ ਦੀ ਬੱਚਤ ਲਈ ਜ਼ਮੀਨਦੋਜ਼ ਪਾਈਪਾਂ ਦੇ ਪ੍ਰਾਜੈਕਟਾਂ, ਫੁਹਾਰਾ/ਤੁਪਕਾ ਸਿੰਜਾਈ ਸਿਸਟਮ ਆਦਿ ਨੂੰ ਪ੍ਰਫੁੱਲਤ ਕੀਤਾ ਜਾ ਰਿਹਾ ਹੈ, ਜ਼ਿਲ੍ਹੇ ਵਿੱਚ ਥਾਪਰ ਮਾਡਲ ਨਾਲ ਛੱਪੜ ਵਿਕਸਿਤ ਕੀਤੇ ਜਾ ਰਹੇ ਹਨ ਤਾਂ ਜੋ ਪਾਣੀ ਨੂੰ ਮੁੜ ਖੇਤੀ ਲਈ ਵਰਤੋਂ ਵਿੱਚ ਲਿਆਂਦਾ ਜਾ ਸਕੇ ਅਤੇ ਜ਼ਿਲ੍ਹੇ ਵਿੱਚ ਮੌਨਸੂਨ ਸੀਜਨ ਦੌਰਾਨ ਵੱਖ-ਵੱਖ ਵਿਭਾਗਾਂ ਅਤੇ ਵਾਤਾਵਰਨ ਪ੍ਰੇਮੀਆਂ ਦੀ ਸਹਾਇਤਾ ਨਾਲ ਸਾਲ 2025-26 ਦੌਰਾਨ ਕਰੀਬ 1 ਲੱਖ 30 ਹਜ਼ਾਰ ਰੁੱਖ ਲਗਾਉਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ।