ਘੱਗਰ ਦੇ ਬੰਨ੍ਹ ਮਜ਼ਬੂਤ ਕਰਨ ਲਈ ਪੈਕੇਜ ਜਾਰੀ ਕਰੇ ਕੇਂਦਰ: ਸਿਮਰਨਜੀਤ ਮਾਨ
ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਘੱਗਰ ਦੇ ਬੰਨ੍ਹ ਮਜ਼ਬੂਤ ਕਰਨ ਲਈ ਵਿਸ਼ੇਸ਼ ਪੈਕਜ ਦੇਣ ਤਾਂ ਜੋ ਹਰ ਸਾਲ ਘੱਗਰ ਦੀ ਮਾਰ ਨਾਲ ਹੁੰਦੀ ਤਬਾਹੀ ਤੋਂ ਬਚਿਆ ਜਾ ਸਕੇ। ਘੱਗਰ ਦੇ ਕੱਚੇ ਕੰਢੇ ਜਦੋਂ ਟੁੱਟਦੇ ਹਨ ਤਾਂ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਜਾਂਦੀ ਹੈ। ਸਿਮਰਨਜੀਤ ਸਿੰਘ ਮਾਨ ਅੱਜ ਮੂਨਕ, ਕੜੈਲ ਤੇ ਮਕਰੌੜ ਸਾਹਿਬ ਬੰਨ੍ਹਾਂ ’ਤੇ ਪਹਿਰਾ ਦੇ ਰਹੇ ਲੋਕਾਂ ਨੂੰ ਮਿਲਣ ਲਈ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੀ ਮੰਗ ਹੈ ਕਿ ਬੰਨ੍ਹਾਂ ਨੂੰ ਕੰਕਰੀਟ ਨਾਲ ਪੱਕਾ ਕੀਤਾ ਜਾਵੇ ਅਤੇ ਖੁਦਾਈ ਵੀ ਕੀਤੀ ਜਾਵੇ। ਹੁਣ ਜਦੋਂ ਨਰਿੰਦਰ ਮੋਦੀ ਥੋੜ੍ਹੇ ਦਿਨਾਂ ਬਾਅਦ ਪੰਜਾਬ ਦੇ ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਆ ਰਹੇ ਹਨ ਤਾਂ ਉਹ ਘੱਗਰ ਦੀ ਰੋਕਥਾਮ ਲਈ ਵੱਡੇ ਪੈਕੇਜ ਦਾ ਐਲਾਨ ਕਰਨ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਘੱਗਰ ਦੇ ਬੰਨ੍ਹਾਂ ਦੀ ਮਜ਼ਬੂਤੀ ਲਈ ਕਾਫੀ ਰਕਮ ਕੇਂਦਰ ਤੋਂ ਲਿਆਦੀ ਸੀ, ਹੁਣ ਵੀ ਮੌਸਮ ਦੀ ਨਜਾਕਤ ਨੂੰ ਸਮਝਦਿਆਂ ਕੇਂਦਰ ਦੇ ਸਿੰਚਾਈ ਮੰਤਰੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੂੰ ਪੱਤਰ ਲਿਖਕੇ ਘੱਗਰ ਤੋਂ ਪੈਦਾ ਹੋਣ ਵਾਲੇ ਖਤਰਿਆਂ ਤੋਂ ਜਾਣੂ ਵੀ ਕਰਵਾਇਆ ਹੈ। ਇਸ ਦੌਰਾਨ ਡੀਜ਼ਲ ਦੇ ਖਰਚੇ ਵਾਸਤੇ ਇੱਕ ਲੱਖ ਦੀ ਸਹਾਇਤਾ ਰਾਸ਼ੀ ਪ੍ਰਬੰਧਕਾਂ ਨੂੰ ਦਿੱਤੀ। ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਗੁਰਜੰਟ ਸਿੰਘ ਕੱਟੂ, ਪੀ ਏ ਸੀ ਮੈਂਬਰ ਬਹਾਦਰ ਸਿੰਘ ਭਸੌੜ ਅਤੇ ਐਡਵੋਕੇਟ ਜਗਮੀਤ ਸਿੰਘ, ਜ਼ਿਲ੍ਹਾ ਪ੍ਰਧਾਨ ਗੁਰਨੈਬ ਸਿੰਘ, ਹਲਕਾ ਇੰਚਾਰਜ ਜਥੇਦਾਰ ਪਰਗਟ ਸਿੰਘ ਗਾਗਾ, ਕੁਲਦੀਪ ਸਿੰਘ, ਜਸਵੀਰ ਸਿੰਘ, ਗੁਰਜੀਤ ਸਿੰਘ ਗਾਗਾ, ਉਪਿੰਦਰ ਪਰਤਾਪ ਸਿੰਘ, ਸੁਖਵੀਰ ਸਿੰਘ ਛਾਜਲੀ ਤੇ ਹਰਦੀਪ ਸਿੰਘ ਨਾਰੀਕੇ ਆਦਿ ਹਾਜ਼ਰ ਸਨ।