ਘੱਗਰ ਨੇੜਲੇ ਪਿੰਡਾਂ ਦੇ ਪਸ਼ੂਆਂ ਦੀ ਸੰਭਾਲ ਲਈ ਕੇਂਦਰ ਸਥਾਪਤ
ਲਗਾਤਾਰ ਮੀਂਹ ਕਾਰਨ ਘੱਗਰ ਦਰਿਆ ਨੇੜਲੇ ਖੇਤਰਾਂ ਵਿੱਚ ਸੰਭਾਵੀ ਹੜ੍ਹਾਂ ਦੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖੋ-ਵੱਖ ਪਿੰਡਾਂ ਦੇ ਪਸ਼ੂਆਂ ਲਈ ਸੁਰੱਖਿਅਤ ਕੇਂਦਰ ਨਿਰਧਾਰਤ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਹੰਗਾਮੀ ਹਾਲਾਤ ਵਿੱਚ ਪਸ਼ੂਆਂ ਨੂੰ ਪਿੰਡਾਂ ਵਿੱਚੋਂ ਕੱਢ ਕੇ ਇਨ੍ਹਾਂ ਨਿਰਧਾਰਤ ਸੁਰੱਖਿਅਤ ਕੇਂਦਰਾਂ ਵਿੱਚ ਲਿਆਂਦਾ ਜਾ ਸਕੇ ਤੇ ਉਨ੍ਹਾਂ ਦੀ ਠੀਕ ਢੰਗ ਨਾਲ ਸਾਂਭ ਸੰਭਾਲ ਹੋ ਸਕੇ। ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਦੱਸਿਆ ਕਿ ਪਿੰਡ ਹਾਂਡਾ, ਕੁੰਦਨੀ, ਘਮੂਰਘਾਟ, ਗਨੋਟਾ ਅਤੇ ਮਨਿਆਣਾ ਲਈ ਅਨਾਜ ਮੰਡੀ ਤੇ ਮਨਿਆਣਾ ਵਿੱਚ ਪਸ਼ੂਆਂ ਲਈ ਸੁਰੱਖਿਅਤ ਕੇਂਦਰ ਨਿਰਧਾਰਤ ਕੀਤੇ ਗਏ ਹਨ। ਇਸ ਤੋਂ ਇਲਾਵਾ ਮੂਨਕ ਸ਼ਹਿਰ, ਪਿੰਡ ਕਬੀਰਪੁਰ, ਬਜੀਦਪੁਰ, ਕੜੈਲ ਅਤੇ ਸੁਰਜਨ ਭੈਣੀ ਲਈ ਅਨਾਜ ਮੰਡੀ ਮੂਨਕ ਨੂੰ ਸੁਰੱਖਿਅਤ ਕੇਂਦਰ ਨਿਰਧਾਰਤ ਕੀਤਾ ਗਿਆ ਹੈ। ਪਿੰਡ ਮੰਡਵੀ, ਚਾਂਦੂ, ਅਨਦਾਨਾ ਅਤੇ ਥੇਅਰ ਲਈ ਅਨਾਜ ਮੰਡੀ ਮੰਡਵੀ, ਭੂੰਦੜ ਭੈਣੀ, ਬੁਸੈਹਰਾ, ਬੰਗਾਂ, ਹਮੀਰਗੜ੍ਹ, ਸਲੇਮਗੜ੍ਹ, ਨਵਾਂਗਾਓ, ਹੋਤੀਪੁਰ ਲਈ ਅਨਾਜ ਮੰਡੀ, ਬਾਦਲਗੜ੍ਹ ਵਿਖੇ ਸੁਰੱਖਿਅਤ ਕੇਂਦਰ ਨਿਰਧਾਰਤ ਕੀਤਾ ਗਿਆ ਹੈ। ਖਨੌਰੀ, ਬਨਾਰਸੀ ਅਤੇ ਬਓਪੁਰ ਲਈ ਅਨਾਜ ਮੰਡੀ, ਖਨੌਰੀ, ਮਕਰੌੜ ਸਾਹਿਬ ਤੇ ਫੂਲਦ ਲਈ ਅਨਾਜ ਮੰਡੀ, ਮਕਰੌੜ ਸਾਹਿਬ ਵਿਖੇ ਸੁਰੱਖਿਅਤ ਕੇਂਦਰ ਨਿਰਧਾਰਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਸੁਰੱਖਿਅਤ ਕੇਂਦਰਾਂ ਵਿਚ ਪਸ਼ੂਆਂ ਦੇ ਚਾਰੇ ਅਤੇ ਦਵਾਈਆਂ ਸਮੇਤ ਸੁਚੱਜੀ ਸਾਂਭ-ਸੰਭਾਲ ਲਈ ਖੇਤੀਬਾੜੀ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਹਾਲਾਤ ਵਿੱਚ ਪਸ਼ੂਆਂ ਬਾਬਤ ਪਸ਼ੂ ਪਾਲਕਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।