ਕਾਸੋ ਅਪਰੇਸ਼ਨ: ਮੁਰਾਦਪੁਰ ਤੇ ਗਾਜੇਵਾਸ ’ਚ ਤਲਾਸ਼ੀ ਮੁਹਿੰਮ
ਅਸ਼ਵਨੀ ਗਰਗ
ਸਮਾਣਾ, 15 ਜੂਨ
ਪਟਿਆਲਾ ਪੁਲੀਸ ਨੇ ਅੱਜ ਐਸ ਐਸ ਪੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਸਮਾਣਾ ਦੇ ਦੋ ਪਿੰਡਾਂ ਮੁਰਾਦਪੁਰ ਅਤੇ ਗਾਜੇਵਾਸ ਵਿਖੇ ਘੇਰਾਬੰਦੀ ਕਰਕੇ ਤਲਾਸ਼ੀ ਅਭਿਆਨ ਚਲਾਇਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿਛਲੇ ਤਿੰਨ ਮਹੀਨਿਆਂ ਵਿੱਚ ਮੁਰਾਦਪੁਰ ਵਿਖੇ ਪੁਰਾਣੇ ਨਸ਼ਾ ਤਸਕਰਾਂ ਖਿਲਾਫ਼ 17 ਮੁਕੱਦਮੇ ਦਰਜ ਕੀਤੇ ਗਏ ਹਨ ਅਤੇ ਅੱਜ ਉਹ ਸਾਰੇ ਘਰਾਂ ਦਾ ਖੁਦ ਜਾਇਜ਼ਾ ਲੈ ਕੇ ਆਏ ਹਨ ਅਤੇ ਜਿੱਥੇ ਪੁਰਾਣੇ ਤਸਕਰ ਰਹਿੰਦੇ ਸਨ, ਹੁਣ ਉਨ੍ਹਾਂ ਘਰਾਂ ਨੂੰ ਤਾਲੇ ਲੱਗੇ ਹੋਏ ਹਨ। ਜਦਕਿ ਪਟਿਆਲਾ ਪੁਲੀਸ ਨੇ ਇਸ ਦੌਰਾਨ ਪਿੰਡ ਗਾਜੇਵਾਸ ਦੀ ਮਹਿਲਾ ਨਸ਼ਾ ਤਸਕਰ ਗੁੱਡੀ ਨੂੰ ਵੀ ਕਾਬੂ ਕਰ ਲਿਆ।
ਐਸ ਐਸ ਪੀ ਵਰੁਣ ਸ਼ਰਮਾ ਨੇ ਨਸ਼ਾ ਤਸਕਰਾਂ ਨੂੰ ਸਖ਼ਤ ਤੇ ਸਪਸ਼ਟ ਸੁਨੇਹਾ ਦਿੱਤਾ ਕਿ ਕਿਸੇ ਵੀ ਤਰ੍ਹਾਂ ਦੀ ਨਸ਼ਾ ਤਸਕਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਲਈ ਐਨਡੀਪੀਐਸ ਐਕਟ ਦੀ ਧਾਰਾ 68 ਤਹਿਤ ਕੇਸ ਤਿਆਰ ਕੀਤੇ ਗਏ ਹਨ ਅਤੇ ਜਲਦ ਹੀ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਅੱਜ ਦੇ ਇਸ ਕਾਸੋ ਅਪਰੇਸ਼ਨ ਦੌਰਾਨ ਕਰੀਬ ਛੇ ਵਿਅਕਤੀਆਂ ਪਾਸੋਂ ਨਸ਼ੀਲੇ ਪਦਾਰਥਾਂ ਦੀ ਰਿਕਵਰੀ ਹੋਈ ਹੈ, ਜਿਨ੍ਹਾਂ ਵਿਰੁੱਧ ਜ਼ਾਬਤੇ ਅਨੁਸਾਰ ਕਾਰਵਾਈ ਕਰਦੇ ਹੋਏ ਪੁਲੀਸ ਕੇਸ ਦਰਜ ਕੀਤੇ ਜਾ ਰਹੇ ਹਨ। ਐਸ ਐਸ ਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਤੇ ਪੁਲੀਸ ਵੱਲੋਂ ਚਲਾਈ ਜਾ ਰਹੀ ਮੁਹਿੰਮ ਦਾ ਸਾਥ ਦੇਣ ਤੇ ਕਿਸੇ ਵੀ ਤਰ੍ਹਾਂ ਦੇ ਮਾੜੇ ਅਨਸਰਾਂ ਤੇ ਨਸ਼ਾ ਤਸਕਰਾਂ ਦੀ ਜਾਣਕਾਰੀ ਨੇੜਲੇ ਪੁਲੀਸ ਸਟੇਸ਼ਨ ਵਿੱਚ ਤੁਰੰਤ ਦੇਣੀ ਯਕੀਨੀ ਬਣਾਉਣ ਤਾਂ ਕਿ ਨਸ਼ਾ ਤਸਕਰੀ ਨੂੰ ਨੱਥ ਪਾਈ ਜਾ ਸਕੇ। ਇਸ ਦੌਰਾਨ ਐਸ ਪੀ ਜਾਂਚ ਗੁਰਬੰਸ ਸਿੰਘ ਬੈਂਸ ਤੇ ਡੀਐਸਪੀ ਸਮਾਣਾ ਫ਼ਤਿਹ ਸਿੰਘ ਬਰਾੜ ਮੌਜੂਦ ਸਨ।
ਪੁਲੀਸ ਵੱਲੋਂ ਬਿਨਾਂ ਨੰਬਰੀ ਤੇ ਸ਼ੱਕੀ ਵਾਹਨ ਜ਼ਬਤ
ਲਹਿਰਾਗਾਗਾ (ਰਮੇਸ਼ ਭਾਰਦਵਾਜ): ਪੰਜਾਬ ਨੂੰ ਯੁੱਧ ਨਸ਼ਿਆਂ ਵਿਰੁੱਧ ਦੇ ਸੰਕਲਪ ਨਾਲ ਅੱਜ ਲਹਿਰਾਗਾਗਾ ਪੁਲੀਸ ਨੇ ਪਿੰਡ ਹਰਿਆਊ ਵਿਖੇ ਨਸ਼ਿਆਂ ਖਿਲਾਫ ਸਰਚ ਅਪਰੇਸ਼ਨ ਚਲਾਇਆ। ਇਸ ਦੌਰਾਨ ਪੁਲੀਸ ਨੇ ਬਿਨਾਂ ਨੰਬਰ ਤੇ ਸ਼ੱਕੀ ਵਾਹਨਾਂ ਨੂੰ ਜ਼ਬਤ ਕੀਤਾ। ਇਹ ਕਾਰਵਾਈ ਸਵੇਰ ਸਾਰ ਸ਼ੁਰੂ ਹੋਈ ਅਤੇ ਇਸਦਾ ਮੁੱਖ ਉਦੇਸ਼ ਪਿੰਡ ਵਿੱਚ ਨਸ਼ਿਆਂ ਦੀ ਵਿਕਰੀ ਅਤੇ ਵਰਤੋਂ ਨੂੰ ਜੜ੍ਹੋਂ ਖ਼ਤਮ ਕਰਨਾ ਸੀ। ਇਸ ਅਪਰੇਸ਼ਨ ਨੂੰ ਸਥਾਨਕ ਪਿੰਡ ਵਾਸੀਆਂ ਵੱਲੋਂ ਹੁੰਗਾਰਾ ਮਿਲਿਆ, ਜਿਨ੍ਹਾਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਮੁਖੀ ਕਰਮਜੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਦੀਆਂ ਕਈ ਟੀਮਾਂ ਨੇ ਪਿੰਡ ਹਰਿਆਊ ਦੇ ਵੱਖ-ਵੱਖ ਹਿੱਸਿਆਂ, ਖਾਸ ਕਰਕੇ ਨਸ਼ੇ ਦੇ ਸੰਭਾਵੀ ਟਿਕਾਣਿਆਂ, ਘਰਾਂ ਅਤੇ ਸ਼ੱਕੀ ਥਾਵਾਂ 'ਤੇ ਤਲਾਸ਼ੀ ਲਈ। ਪੁਲੀਸ ਅਧਿਕਾਰੀਆਂ ਨੇ ਪਿੰਡ ਵਾਸੀਆਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਬਾਰੇ ਕੋਈ ਵੀ ਜਾਣਕਾਰੀ ਬੇਝਿਜਕ ਪੁਲੀਸ ਨਾਲ ਸਾਂਝੀ ਕਰਨ ਤੇ ਉਨ੍ਹਾਂ ਦੀ ਸ਼ਨਾਖਤ ਗੁਪਤ ਰੱਖੀ ਜਾਵੇਗੀ। ਪਿੰਡ ਹਰਿਆਊ ਦੇ ਸਰਪੰਚ ਅਤੇ ਮੋਹਤਬਰਾਂ ਨੇ ਕਿਹਾ ਕਿ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਖਾ ਲਿਆ ਹੈ ਅਤੇ ਅਜਿਹੇ ਅਪਰੇਸ਼ਨ ਹੀ ਸਾਡੇ ਪਿੰਡਾਂ ਨੂੰ ਨਸ਼ਾ ਮੁਕਤ ਬਣਾ ਸਕਦੇ ਹਨ। ਪੁਲੀਸ ਅਧਿਕਾਰੀ ਕਰਮਜੀਤ ਸਿੰਘ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਜੰਗ ਜਾਰੀ ਰਹੇਗੀ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲੀਸ ਨੂੰ ਸਹਿਯੋਗ ਕਰਨ ਅਤੇ ਨਸ਼ਿਆਂ ਖਿਲਾਫ ਇਸ ਜੰਗ ਵਿੱਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਇਸ ਸਮੱਸਿਆ 'ਤੇ ਪੂਰੀ ਤਰ੍ਹਾਂ ਕਾਬੂ ਪਾਉਣਾ ਸੰਭਵ ਨਹੀਂ ਹੈ। ਪੁਲੀਸ ਦਾ ਮੁੱਖ ਧਿਆਨ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ਅਤੇ ਨਸ਼ਿਆਂ ਦੇ ਆਦੀ ਵਿਅਕਤੀਆਂ ਨੂੰ ਮੁੜ ਵਸੇਬੇ ਦੇ ਰਾਹ ਪਾਉਣ ’ਤੇ ਹੈ।