ਮਹਿਲਾ ਸਣੇ ਤਿੰਨ ਖ਼ਿਲਾਫ਼ 28 ਲੱਖ ਦੀ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ
ਸੰਗਰੂਰ ਪੁਲੀਸ ਨੇ ਵੱਖ-ਵੱਖ ਮਾਮਲਿਆਂ ਵਿੱਚ ਮਹਿਲਾ ਸਣੇ ਤਿੰਨ ਜਣਿਆਂ ਖ਼ਿਲਾਫ਼ 28 ਲੱਖ ਦੀ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕੀਤੇ ਹਨ। ਥਾਣਾ ਸਿਟੀ ਪੁਲੀਸ ਅਨੁਸਾਰ ਇੱਕ ਵਿਅਕਤੀ ਵਲੋਂ ਐੱਸਐੱਸਪੀ ਸੰਗਰੂਰ ਕੋਲ ਸ਼ਿਕਾਇਤ ਕੀਤੀ ਸੀ ਕਿ ਯਾਦਵਿੰਦਰ ਸਿੰਘ ਵਾਸੀ ਬਾਲੀਆਂ ਥਾਣਾ ਸਦਰ ਧੂਰੀ ਨੇ ਇੱਕ ਨਿੱਜੀ ਬੈਂਕ ਵਿਚ ਕੰਮ ਕਰਦੀ ਔਰਤ ਰੂਪ ਰਾਣੀ ਵਾਸੀ ਦਿੜ੍ਹਬਾ ਨਾਲ ਮਿਲ ਕੇ ਆਪਣੇ ਪਿਤਾ ਦੀ ਮੌਤ ਦਾ ਜਾਅਲੀ ਸਰਟੀਫਿਕੇਟ ਤਿਆਰ ਕਰ ਲਿਆ ਅਤੇ ਧੋਖਾਦੇਹੀ ਨਾਲ ਨਿੱਜੀ ਬੈਂਕ ਦੀ ਜੀਵਨ ਬੀਮਾ ਪਾਲਿਸੀ ਦਾ ਕਲੇਮ ਕਰੀਬ 17 ਲੱਖ 93 ਹਜ਼ਾਰ ਰੁਪਏ ਬੈਂਕ ਪਾਸੋਂ ਹਾਸਲ ਕਰ ਲਿਆ। ਥਾਣਾ ਸਿਟੀ ਪੁਲੀਸ ਅਨੁਸਾਰ ਸ਼ਿਕਾਇਤ ਦੀ ਜਾਂਚ ਉਪਰੰਤ ਯਾਦਵਿੰਦਰ ਸਿੰਘ ਅਤੇ ਰੂਪ ਰਾਣੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸੇ ਤਰ੍ਹਾਂ 10 ਲੱਖ ਰੁਪਏ ਦੀ ਧੋਖਾਧੜੀ ਦੇ ਦੋਸ਼ ਹੇਠ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਨੁਸਾਰ ਜਾਟ ਸੰਤੋਸ਼ ਕੁਮਾਰ ਵਾਸੀ ਆਰਮੀ ਕੈਂਟ ਸੰਗਰੂਰ ਵਲੋਂ ਐੱਸਐੱਸਪੀ ਕੋਲ ਸ਼ਿਕਾਇਤ ਕੀਤੀ ਗਈ ਸੀ ਕਿ ਯਾਦਵ ਤੁਲਸੀ ਦਾਸ ਸਰਜੀਰਾਓ ਵਾਸੀ ਫੀਲਡ ਹਸਪਤਾਲ ਸੰਗਰੂਰ ਅਤੇ ਮੁਦਈ ਦੋਵੇਂ ਹੀ ਭਾਰਤੀ ਫੌਜ ਵਿਚ ਸੰਗਰੂਰ ’ਚ ਨੌਕਰੀ ਕਰਦੇ ਹਨ। ਮ
ੁਲਜ਼ਮ ਵਲੋਂ ਉਸ ਨੂੰ ਜ਼ਿਆਦਾ ਮੁਨਾਫ਼ੇ ਦਾ ਲਾਲਚ ਦੇ ਕੇ ਉਸ ਪਾਸੋਂ ਕੁੱਲ 13 ਲੱਖ 75 ਹਜ਼ਾਰ ਰੁਪਏ ਹਾਸਲ ਕਰਕੇ ਕਿਸੇ ਕੰਪਨੀ ਵਿਚ ਲਗਾ ਦਿੱਤੇ ਅਤੇ ਸਿਰਫ਼ 3 ਲੱਖ 48 ਹਜ਼ਾਰ 750 ਰੁਪਏ ਹੀ ਵਾਪਸ ਕੀਤੇ ਗਏ ਅਤੇ ਬਾਕੀ ਲਗਪਗ 10.26 ਲੱਖ ਰੁਪਏ ਵਾਪਸ ਨਾ ਦੇ ਕੇ ਧੋਖਾਧੜੀ ਕੀਤੀ ਹੈ। ਪੁਲੀਸ ਨੇ ਯਾਦਵ ਤੁਲਸੀਦਾਸ ਸਰਜੀਰਾਓ ਦੇ ਖ਼ਿਲਾਫ਼ 420 ਆਈਪੀਸੀ ਤਹਿਤ ਕੇਸ ਦਰਜ ਕਰ ਲਿਆ ਹੈ।