ਨਵੀਂ ਬਣ ਰਹੀ ਸੜਕ ਟੁੱਟਣ ਦਾ ਮਾਮਲਾ: ਕਿਸਾਨਾਂ ਨੇ ਕੰਮ ਅਧੂਰਾ ਛੱਡ ਕੇ ਜਾਣ ਲੱਗੇ ਮਜ਼ਦੂਰਾਂ ਨੂੰ ਰੋਕਿਆ
ਰਾਮਨਗਰ ਛੰਨਾਂ-ਸ਼ੇਰਪੁਰ ਸੜਕ ਬਣਦਿਆਂ ਹੀ ਟੁੱਟਣ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਸਹਿਮਤੀ ਨਾਲ ਅੱਜ ਸਵੇਰੇ ਪ੍ਰੀਮਿਕਸ ਪਾਉਣ ਵਾਲੀ ਮਸ਼ੀਨ, ਰੋਡ ਰੋਲਰਾਂ ਤੇ ਹੋਰ ਸਾਮਾਨ ਲੈ ਕੇ ਚੁੱਪ-ਚੁਪੀਤੇ ਖਿਸਕਣ ਦੀ ਕਾਰਵਾਈ ਨੂੰ...
ਰਾਮਨਗਰ ਛੰਨਾਂ-ਸ਼ੇਰਪੁਰ ਸੜਕ ਬਣਦਿਆਂ ਹੀ ਟੁੱਟਣ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਸਹਿਮਤੀ ਨਾਲ ਅੱਜ ਸਵੇਰੇ ਪ੍ਰੀਮਿਕਸ ਪਾਉਣ ਵਾਲੀ ਮਸ਼ੀਨ, ਰੋਡ ਰੋਲਰਾਂ ਤੇ ਹੋਰ ਸਾਮਾਨ ਲੈ ਕੇ ਚੁੱਪ-ਚੁਪੀਤੇ ਖਿਸਕਣ ਦੀ ਕਾਰਵਾਈ ਨੂੰ ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਛੰਨਾਂ ਦੀ ਅਗਵਾਈ ਹੇਠ ਇਕੱਤਰ ਕਿਸਾਨਾਂ ਨੇ ਅਸਫ਼ਲ ਬਣਾ ਦਿੱਤਾ। ਜ਼ਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਸੜਕ ਟੁੱਟਣ ਦਾ ਮਾਮਲਾ ਉਜਾਗਰ ਕਰਨ ਮਗਰੋਂ ਠੇਕੇਦਾਰ ਦੇ ਕਰਿੰਦੇ ਨਾ-ਖੁਸ਼ ਸਨ।
ਅੱਜ ਸਵੇਰ ਸਮੇਂ ਸੋਸ਼ਲ ਮੀਡੀਆ ’ਤੇ ਜਿਉਂ ਹੀ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਪ੍ਰੀਮਿਕਸ ਪਾਉਣ ਵਾਲੀ ਮਸ਼ੀਨ ਤੇ ਹੋਰ ਸਾਮਾਨ ਲਿਜਾਣ ਦੀ ਜਾਣਕਾਰੀ ਮਿਲੀ ਤਾਂ ਬੀਕੇਯੂ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਛੰਨਾਂ ਨੇ ਸ਼ੇਰਪੁਰ ਵਿੱਚ ਉਨ੍ਹਾਂ ਨੂੰ ਅੱਗੇ ਗੱਡੀ ਲਗਾ ਕੇ ਰੋਕ ਲਿਆ। ਇਸ ਮਗਰੋਂ ਜਾਮ ਲੱਗਦਾ ਵੇਖ ਕੇ ਸਾਲਸੀਆਂ ਨੇ ਦੋਵੇਂ ਧਿਰਾਂ ਨੂੰ ਦਾਣਾ ਮੰਡੀ ਵੱਲ ਬਹਿਕੇ ਗੱਲ ਕਰਨ ਲਈ ਰਾਜ਼ੀ ਕੀਤਾ। ਬੀਕੇਯੂ ਆਗੂ ਕਰਮਜੀਤ ਸਿੰਘ ਛੰਨਾ ਨੇ ਦੱਸਿਆ ਕਿ ਕੰਮ ਅੱਧ ਵਿਚਕਾਰ ਛੱਡਕੇ ਨਾ ਜਾਣ ਦੇ ਆਪਸੀ ਸਮਝੌਤੇ ਮਗਰੋਂ ਉਹ ਘਰੇ ਪੁੱਜੇ ਤਾਂ ਠੇਕੇਦਾਰ ਦੀ ਲੇਵਰ ਦੇ ਸ਼ੇਰਪੁਰ ਤੋਂ ਮੁੜ ਤੁਰਨ ਦਾ ਸੁਨੇਹਾ ਮਿਲਿਆ। ਆਗੂ ਨੇ ਦੱਸਿਆ ਕਿ ਇਹ ਪਤਾ ਲੱਗਣ ’ਤੇ ਦੂਜੀ ਵਾਰ ਉਨ੍ਹਾਂ ਨੂੰ ਸ਼ੇਰਪੁਰ-ਕਾਤਰੋਂ ਸੜਕ ’ਤੇ ਰੋਕ ਲਿਆ ਅਤੇ ਪਿੰਡ ਤੋਂ ਕਿਸਾਨ ਪੁੱਜਣੇ ਸ਼ੁਰੂ ਹੋ ਗਏ ਜੋ ਬਾਅਦ ਦੁਪਹਿਰ ਤੱਕ ਧਰਨੇ ’ਤੇ ਡਟੇ ਰਹੇ। ਅਖੀਰ ਵਿਭਾਗ ਦੇ ਅਧਿਕਾਰੀਆਂ ਦੇ ਦਖਲਅੰਦਾਜ਼ੀ ਮਗਰੋਂ ਅੱਜ ਬਾਅਦ ਦੁਪਹਿਰ ਸਾਰੀਆਂ ਮਸ਼ੀਨਾਂ ਤੇ ਰੋਡ ਰੂਲਰ ਪਿੰਡ ਰਾਮਨਗਰ ਛੰਨਾਂ ਦੇ ਸਰਕਾਰੀ ਸਕੂਲ ਵਿੱਚ ਲਗਵਾ ਦਿੱਤੇ ਗਏ। ਇਸ ਸਬੰਧੀ ਵਿਭਾਗ ਦੇ ਜੇਈ ਪੰਕਜ ਮਹਿਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਸਾਨ ਆਗੂਆਂ ਦੇ ਵਿਹਾਰ ’ਤੇ ਸ਼ਿਕਵਾ ਕੀਤਾ ਅਤੇ ਦੱਸਿਆ ਕਿ ਦੋਵੇਂ ਧਿਰਾਂ ’ਚ ਸਹਿਮਤੀ ਮਗਰੋਂ ਹੁਣ 13 ਅਕਤੂਬਰ ਨੂੰ ਸਵੇਰ ਸਮੇਂ ਤੋਂ ਸੜਕ ਦਾ ਕੰਮ ਮੁੜ ਸ਼ੁਰੂ ਹੋਵੇਗਾ ਅਤੇ ਯਕੀਨਨ ਕੰਮ ਸਮਾਪਤ ਹੋਣ ’ਤੇ ਕਿਸੇ ਨੂੰ ਕੰਮ ਪ੍ਰਤੀ ਕੋਈ ਸ਼ਿਕਾਇਤ ਨਹੀਂ ਰਹੇਗੀ।