ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਦਾ ਮਾਮਲਾ: ਮਾਮੇ-ਭਾਣਜੇ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ
ਬੀਰਬਲ ਰਿਸ਼ੀ
ਸ਼ੇਰਪੁਰ, 22 ਅਗਸਤ
ਇੱਥੇ ਨਸ਼ੇ ਦੀ ਓਵਰਡੋਜ਼ ਨਾਲ 22 ਸਾਲਾਂ ਨੌਜਵਾਨ ਅਰਵਿੰਦਰ ਸਿੰਘ ਦੀ ਹੋਈ ਮੌਤ ਦੇ ਮਾਮਲੇ ’ਚ ਅੱਜ ਪੁਲੀਸ ਨੇ ਮਰਹੂਮ ਦੀ ਮਾਤਾ ਸੁਖਜਿੰਦਰ ਕੌਰ ਦੇ ਬਿਆਨਾਂ ’ਤੇ ਮਾਮੇ ਤੇ ਭਾਣਜੇ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਧਾਰਾ 304, 34, 120-ਬੀ ਤਹਿਤ ਕੇਸ ਦਰਜ ਕਰ ਲਿਆ ਹੈ।
ਸ਼ਿਕਾਇਤਕਰਤਾ ਸੁਖਜਿੰਦਰ ਕੌਰ ਪਤਨੀ ਹਰਦੀਪ ਸਿੰਘ ਨੇ ਪੁਲੀਸ ਕੋਲ ਲਿਖਵਾਏ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ ਪੁੱਤਰ ਲੰਘੀ 19 ਅਗਸਤ ਨੂੰ ਘਰੋਂ ਗਿਆ ਸੀ। ਵਾਪਸ ਨਾ ਆਉਣ ’ਤੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਥਾਣਾ ਧਨੌਲਾ ਵਿੱਚ ਲਿਖਵਾਈ ਗਈ ਸੀ। ਅਸਲ ਵਿੱਚ ਅਰਵਿੰਦਰ ਸਿੰਘ ਦੀ ਦੋਸਤੀ ਅਕਾਸ਼ਦੀਪ ਸਿੰਘ ਵਾਸੀ ਸੰਘੇੜਾ ਜੋ ਆਪਣੇ ਨਾਨਕੇ ਘਰ ਆਪਣੇ ਮਾਮਿਆਂ ਕੋਲ ਰਹਿੰਦਾ ਸੀ, ਤੋਂ ਇਲਾਵਾ ਕੁੱਪ ਕਲਾਂ ਦੇ ਮਨਪ੍ਰੀਤ ਸਿੰਘ ਨਾਲ ਸੀ। ਭਾਲ ਕਰਦਿਆਂ ਬੀਤੇ ਕੱਲ੍ਹ ਸ਼ੇਰਪੁਰ ਰਿਸ਼ਤੇਦਾਰੀ ਵਿੱਚੋਂ ਫੋਨ ਆਇਆ ਕਿ ਅਰਵਿੰਦਰ ਸਿੰਘ ਸ਼ੇਰਪੁਰ ਦੇ ਰਛਪਾਲ ਸਿੰਘ ਦੇ ਖੇਤ ’ਚ ਬਣੇ ਘਰ ਦੇ ਕੋਠੇ ’ਤੇ ਪਿਆ ਹੈ। ਜਿਉਂ ਹੀ ਉਹ ਆਪਣੇ ਪਿੰਡ ਦੇ ਸਰਪੰਚ ਸਮਸ਼ੇਰ ਸਿੰਘ ਸਮੇਤ ਸ਼ੇਰਪੁਰ ਅਕਾਸ਼ਦੀਪ ਸਿੰਘ ਦੇ ਨਾਨਕੇ ਘਰ ਪੁੱਜੇ ਤਾਂ ਉਨ੍ਹਾਂ ਦਾ ਪੁੱਤਰ ਕੋਠੇ ’ਤੇ ਪਿਆ ਸੀ ਜਿਸ ਦੇ ਕੱਪੜੇ ਬਦਲੇ ਹੋਏ ਸਨ ਅਤੇ ਉਸ ਸਮੇਂ ਉਸ ਦੀ ਮੌਤ ਹੋ ਚੁੱਕੀ ਸੀ। ਸੁਖਜਿੰਦਰ ਕੌਰ ਨੇ ਆਪਣੇ ਬਿਆਨ ’ਚ ਕਿਹਾ ਕਿ ਜੇਕਰ ਉਸ ਦੇ ਪੁੱਤਰ ਨੂੰ ਸਹੀ ਸਮੇਂ ਇਲਾਜ ਲਈ ਲਿਜਾਇਆ ਜਾਂਦਾ ਤਾਂ ਉਹ ਬਚ ਸਕਦਾ ਸੀ। ਉਨ੍ਹਾਂ ਇਹ ਮੌਤ ਅਕਾਸ਼ਦੀਪ ਸਿੰਘ ਤੇ ਮਨਪ੍ਰੀਤ ਸਿੰਘ ਵੱਲੋਂ ਕਿਸੇ ਸਾਜ਼ਿਸ਼ ਤਹਿਤ ਅਤੇ ਰਛਪਾਲ ਸਿੰਘ ਦੀ ਲਾਪਰਵਾਹੀ ਤੇ ਅਣਗਹਿਰੀ ਕਾਰਨ ਹੋਈ ਹੈ। ਪੁਲੀਸ ਨੇ ਪਰਚਾ ਦਰਜ ਕਰਨ ’ਤੇ ਪੋਸਟ ਮਾਰਟਮ ਮਗਰੋਂ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ। ਐਸਐਚਓ ਸ਼ੇਰਪੁਰ ਅਵਤਾਰ ਸਿੰਘ ਧਾਲੀਵਾਲ ਨੇ ਇਸ ਘਟਨਾਕ੍ਰਮ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਅਕਾਸ਼ਦੀਪ ਸਿੰਘ ਤੇ ਮਨਪ੍ਰੀਤ ਸਿੰਘ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।