ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਅੱਜ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਉਮੀਦਵਾਰਾਂ ਨੇ ਪੂਰੀ ਤਾਕਤ ਝੋਕ ਦਿੱਤੀ ਹੈ। ਵੱਖ-ਵੱਖ ਜ਼ੋਨਾਂ ਵਿੱਚ ਉਮੀਦਵਾਰਾਂ ਨੇ ਅੱਜ ਕਾਫ਼ਲਿਆਂ ਦੇ ਰੂਪ ਵਿੱਚ ਰੋਡ ਸ਼ੋਅ ਕੀਤੇ ਤੇ ਘਰ ਘਰ ਜਾ ਕੇ ਵੀ ਵੋਟਾਂ ਮੰਗੀਆਂ।
ਪਿੰਡਾਂ ਵਿੱਚ ‘ਆਪ’, ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰਾਂ ਤੋਂ ਇਲਾਵਾ ਆਜ਼ਾਦ ਉਮੀਦਵਾਰਾਂ ਨੇ ਵੀ ਵੋਟਰਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਪ੍ਰਚਾਰ ਕੀਤਾ। ਉਮੀਦਵਾਰ ਆਪਣੇ ਸਮਰਥਕਾਂ ਨਾਲ ਘਰ-ਘਰ ਪੁੱਜ ਕੇ ਵੋਟਰਾਂ ਨੂੰ ਪੋਸਟਰ ਵੰਡਦੇ ਤੇ ਆਪਣਾ ਚੋਣ ਨਿਸ਼ਾਨ ਦਿਖਾਉਂਦੇ ਦੇਖੇ ਗਏ। ਉਮੀਦਵਾਰਾਂ ਨੇ ਫੁੱਲਾਂ ਨਾਲ ਸ਼ਿੰਗਾਰੀਆਂ ਜੀਪਾਂ ਵਿੱਚ ਸਵਾਰ ਹੋ ਕੇ ਕਾਫ਼ਲਿਆਂ ਦੇ ਰੂਪ ਵਿੱਚ ਰੋਡ ਸ਼ੋਅ ਕਰ ਕੇ ਆਪਣੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਦਾ ਯਤਨ ਕੀਤਾ।
ਇਸ ਤੋਂ ਇਲਾਵਾ ਪਿੰਡਾਂ ਵਿੱਚ ਉਮੀਦਵਾਰਾਂ ਵੱਲੋਂ ਆਪੋ ਆਪਣੇ ਹੱਕ ਵਿੱਚ ਗਲੀ-ਗਲੀ ਅਨਾਊਂਸਮੈਂਟ ਕਰਵਾ ਕੇ ਵੋਟਰਾਂ ਨੂੰ ਉਤਸ਼ਾਹਿਤ ਕਰਨ ਦੇ ਯਤਨ ਕੀਤੇ ਗਏ। ਅੱਜ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਤੋਂ ਇਲਾਵਾ ਉਮੀਦਵਾਰਾਂ ਨੇ ਆਪਣੇ ਪਰਿਵਾਰਕ ਮੈਂਬਰਾਂ, ਸਕੇ ਸਬੰਧੀਆਂ, ਰਿਸ਼ਤੇਦਾਰਾਂ ਆਦਿ ਨੂੰ ਵੀ ਆਖ਼ਰੀ ਹੱਲੇ ਚੋਣ ਪ੍ਰਚਾਰ ਲਈ ਉਤਾਰ ਦਿੱਤਾ।
ਜ਼ਿਲ੍ਹੇ ਦੀਆਂ ਜ਼ਿਆਦਾਤਰ ਜ਼ੋਨਾਂ ਵਿੱਚ ਸੱਤਾਧਾਰੀ ‘ਆਪ’ ਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵਿਚਕਾਰ ਮੁਕਾਬਲਾ ਨਜ਼ਰ ਆ ਰਿਹਾ ਹੈ। ਕਈ ਜ਼ੋਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਉਮੀਦਵਾਰ ਵੀ ਵਿਰੋਧੀ ਉਮੀਦਵਾਰਾਂ ਨੂੰ ਸਖ਼ਤ ਟੱਕਰ ਦੇ ਰਹੇ ਹਨ। ਇਸ ਤੋਂ ਇਲਾਵਾ ਭਾਜਪਾ ਵੀ ਪੇਂਡੂ ਖੇਤਰ ਦੀਆਂ ਇਨ੍ਹਾਂ ਚੋਣਾਂ ਵਿੱਚ ਹਿੱਸਾ ਲੈ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ ਅਤੇ ਕਿਸੇ ਸਮੇ ਭਾਈਵਾਲ ਰਹੀ ਭਾਜਪਾ ਵੀ ਇਕੱਲਿਆਂ ਚੋਣ ਲੜ ਰਹੀ ਹੈ। ਇਸ ਦਾ ਸਿੱਧਾ ਫ਼ਾਇਦਾ ‘ਆਪ’ ਤੇ ਕਾਂਗਰਸ ਨੂੰ ਹੋਣ ਦੀ ਸੰਭਾਵਨਾ ਹੈ।
ਪੇਂਡੂ ਖੇਤਰ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਿੱਚੋਂ ਕਿਹੜੀ ਸਿਆਸੀ ਧਿਰ ਦੀ ਕਾਰਗੁਜ਼ਾਰੀ ਬਿਹਤਰ ਰਹਿੰਦੀ ਹੈ, ਇਸ ਉਪਰ ਵੀ ਸਿਆਸੀ ਹਲਕਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

