ਨਹਿਰ ਹਾਦਸਾ: ਮ੍ਰਿਤਕਾਂ ਦੇ ਵਾਰਸਾਂ ਲਈ ਪੈਨਸ਼ਨ ਮਨਜ਼ੂਰ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਨੈਣਾ ਦੇਵੀ ਦੀ ਯਾਤਰਾ ਤੋਂ ਪਰਤਦਿਆਂ ਜਗੇੜਾ ਪੁਲ ਨੇੜੇ ਨਹਿਰ ਵਿੱਚ ਡੁੱਬਣ ਕਾਰਨ ਮਾਰੇ ਗਏ ਪਿੰਡ ਮਾਣਕਵਾਲ ਦੇ 10 ਸ਼ਰਧਾਲੂਆਂ ਦੇ ਵਾਰਸਾਂ ਲਈ ਦੋ-ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਪੈਨਸ਼ਨ ਮਨਜ਼ੂਰ ਕੀਤੀ ਗਈ ਹੈ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਕਰਵਾਏ ਸਮਾਗਮ ਦੌਰਾਨ ਟਰੱਸਟ ਦੀ ਜ਼ਿਲ੍ਹਾ ਮਾਲੇਰਕੋਟਲਾ ਯੂਨਿਟ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਨੇ ਦੱਸਿਆ ਕਿ ਹਰ ਪੀੜਤ ਪਰਿਵਾਰ ਨੂੰ ਸਰਬੱਤ ਦਾ ਭਲਾ ਟਰੱਸਟ ਦੋ ਸਾਲ ਤੱਕ ਦੋ-ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਵੇਗਾ। ਉਨ੍ਹਾਂ ਟਰੱਸਟ ਮੁਖੀ ਡਾ. ਐੱਸ ਪੀ ਸਿੰਘ ਓਬਰਾਏ ਅਤੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦੀ ਅਗਵਾਈ ਹੇਠ ਟਰੱਸਟ ਵੱਲੋਂ ਹੜ੍ਹ ਪੀੜਤਾਂ ਦੀ ਕੀਤੀ ਮਦਦ ਲਈ ਧੰਨਵਾਦ ਕੀਤਾ। ਸਮਾਗਮ ’ਚ ਟਰੱਸਟ ਵੱਲੋਂ ਮਾਲੇਰਕੋਟਲਾ ਦੇ 120 ਲੋੜਵੰਦਾਂ ਨੂੰ ਚੈੱਕ ਤਕਸੀਮ ਕੀਤੇ ਗਏ ਜਿਨ੍ਹਾਂ ਵਿੱਚ 116 ਵਿਧਵਾਵਾਂ, ਬਜ਼ੁਰਗ, ਅਪੰਗ ਅਤੇ ਨਿਆਸਰੇ ਬੱਚਿਆਂ ਸਮੇਤ ਇੱਕ ਤੋਂ ਦੋ ਹਜ਼ਾਰ ਰੁਪਏ ਪ੍ਰਾਪਤ ਕਰਨ ਵਾਲੇ ਚਾਰ ਕੈਂਸਰ ਪੀੜਤ ਵਿਅਕਤੀ ਵੀ ਸ਼ਾਮਲ ਹਨ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਮਨਦੀਪ ਸਿੰਘ ਖੁਰਦ, ਹੈੱਡ ਗਰੰਥੀ ਗਿਆਨੀ ਅਵਤਾਰ ਸਿੰਘ ਬਧੇਸ਼ਾ, ਮਨਧੀਰ ਸਿੰਘ ਝੱਲ, ਨੰਬਰਦਾਰ ਜਤਿੰਦਰ ਸਿੰਘ ਮਹੋਲੀ, ਸਰਪੰਚ ਯੂਨੀਅਨ ਬਲਾਕ ਅਮਰਗੜ੍ਹ ਦੇ ਪ੍ਰਧਾਨ ਨਰੇਸ਼ ਕੁਮਾਰ ਨਾਰੀਕੇ, ਪ੍ਰਿੰਸੀਪਲ ਬਲਜੀਤ ਸਿੰਘ ਟਿਵਾਣਾ, ਪ੍ਰਿੰਸੀਪਲ ਗੁਰਪ੍ਰੀਤ ਸਿੰਘ ਜਵੰਧਾ, ਬਹਾਦਰ ਸਿੰਘ ਭੁਦਨ ਅਤੇ ਕੁਲਵਿੰਦਰ ਸਿੰਘ ਹਿੰਮਤਾਣਾ ਮੌਜੂਦ ਸਨ।