ਸਥਾਨਕ ਸ਼ਹਿਰ ਦੇ ਬਾਜ਼ਾਰਾਂ ਵਿਚ ਦੁਕਾਨਾਂ ਅੱਗੇ ਸਾਮਾਨ ਰੱਖ ਕੇ ਨਿੱਤ ਦਿਨ ਹੁੰਦੇ ਆਰਜ਼ੀ ਨਾਜਾਇਜ਼ ਕਬਜ਼ੇ ਛੁਡਾਉਣ ਲਈ ਨਗਰ ਕੌਂਸਲ ਅਤੇ ਟਰੈਫ਼ਿਕ ਪੁਲੀਸ ਵਲੋਂ ਸਾਂਝੇ ਤੌਰ ’ਤੇ ਕਾਰਵਾਈ ਕੀਤੀ ਗਈ। ਇਸ ਦੌਰਾਨ ਦੁਕਾਨਾਂ ਅੱਗੇ ਪਿਆ ਸਾਮਾਨ ਜ਼ਬਤ ਕੀਤਾ ਗਿਆ।
ਨਗਰ ਕੌਂਸਲ ਅਤੇ ਟਰੈਫ਼ਿਕ ਪੁਲੀਸ ਵਲੋਂ ਸ਼ਹਿਰ ਦੀ ਕੌਲਾ ਪਾਰਕ ਮਾਰਕੀਟ ਅਤੇ ਧੂਰੀ ਗੇਟ ਬਾਜ਼ਾਰ ਵਿਚ ਕਾਰਵਾਈ ਕਰਦਿਆਂ ਦੁਕਾਨਾਂ ਅੱਗੇ ਪਿਆ ਸਾਮਾਨ ਜ਼ਬਤ ਕਰਦਿਆਂ ਚੁੱਕ ਕੇ ਟਰਾਲੀਆਂ ਵਿਚ ਸੁੱਟ ਲਿਆ। ਜਿਉਂ ਹੀ ਇਸ ਕਾਰਵਾਈ ਦਾ ਪਤਾ ਲੱਗਿਆ ਤਾਂ ਦੁਕਾਨਦਾਰਾਂ ’ਚ ਹਫੜਾ-ਦਫੜੀ ਮੱਚ ਗਈ ਅਤੇ ਦੁਕਾਨਦਾਰ ਆਪਣਾ ਸਾਮਾਨ ਬਚਾਉਣ ਲਈ ਕਾਹਲੀ ਨਾਲ ਸਾਮਾਨ ਚੁੱਕ ਕੇ ਦੁਕਾਨਾਂ ਅੰਦਰ ਰੱਖਦੇ ਵੇਖੇ ਗਏ। ਇਸ ਮੌਕੇ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਨਰਿੰਦਰ ਕੁਮਾਰ, ਸਿਆਮ ਕੁਮਾਰ ਅਤੇ ਸੀਐੱਸਆਈ ਜਸਬੀਰ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਦੇ ਈਓ ਅਸਵਨੀ ਸ਼ਰਮਾ ਦੇ ਆਦੇਸ਼ਾਂ ਤਹਿਤ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਕੀਤੀ ਗਈ ਹੈ ਅਤੇ ਦੁਕਾਨਾਂ ਅੱਗੇ ਪਿਆ ਸਾਮਾਨ ਜ਼ਬਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਜ਼ਾਰ ਵਿਚ ਦੁਕਾਨਾਂ ਅੱਗੇ ਸਾਮਾਨ ਰੱਖ ਦੇ ਨਿੱਤ ਦਿਨ ਹੁੰਦੇ ਆਰਜ਼ੀ ਨਾਜਾਇਜ਼ ਕਬਜ਼ੇ ਹਟਾਉਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਤਾੜਨਾ ਕਰਦਿਆਂ ਕਿਹਾ ਕਿ ਅੱਗੇ ਤੋਂ ਦੁਕਾਨਾਂ ਅੱਗੇ ਸੜਕ ਉਪਰ ਸਾਮਾਨ ਰੱਖ ਕੇ ਕਬਜ਼ੇ ਨਾ ਕਰਨ ਅਤੇ ਅਜਿਹਾ ਹੋਣ ’ਤੇ ਪਿਆ ਸਾਮਾਨ ਜ਼ਬਤ ਕੀਤਾ ਜਾਵੇਗਾ। ਟਰੈਫਿਕ ਪੁਲੀਸ ਦੇ ਸਹਾਇਕ ਥਾਣੇਦਾਰ ਅਵਿਨਾਸ਼ ਸ਼ਰਮਾ, ਝਿਰਮਲ ਸਿੰਘ ਅਤੇ ਦਰਸ਼ਨ ਸਿੰਘ ਨੇ ਕਿਹਾ ਕਿ ਬਾਜ਼ਾਰਾਂ ਵਿਚ ਦੁਕਾਨਾਂ ਅੱਗੇ ਸਾਮਾਨ ਰੱਖਣ ਕਾਰਨ ਆਵਾਜਾਈ ਵਿਚ ਵਿਘਨ ਪੈਂਦਾ ਹੈ।