ਕਿਲੋਮੀਟਰ ਸਕੀਮ ਵਿਰੁੱਧ ਬੱਸਾਂ ਦਾ ਚੱਕਾ ਜਾਮ
ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ ਅਗਵਾਈ ਹੇਠ ਰੋਡਵੇਜ਼ ਮੁਲਾਜ਼ਮਾਂ ਨੇ ਅੱਜ ਲੁਧਿਆਣਾ ਬੱਸ ਸਟੈਂਡ ’ਤੇ ਦੋ ਘੰਟੇ ਬੱਸ ਸੇਵਾਵਾਂ ਠੱਪ ਰੱਖੀਆਂ। ਯੂਨੀਅਨ ਆਗੂਆਂ ਨੇ ਇਸ ਦੌਰਾਨ ਬੱਸ ਸਟੈਂਡ ’ਤੇ ਪ੍ਰਦਰਸ਼ਨ ਕੀਤਾ ਤੇ ਸਰਕਾਰ...
ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ ਅਗਵਾਈ ਹੇਠ ਰੋਡਵੇਜ਼ ਮੁਲਾਜ਼ਮਾਂ ਨੇ ਅੱਜ ਲੁਧਿਆਣਾ ਬੱਸ ਸਟੈਂਡ ’ਤੇ ਦੋ ਘੰਟੇ ਬੱਸ ਸੇਵਾਵਾਂ ਠੱਪ ਰੱਖੀਆਂ। ਯੂਨੀਅਨ ਆਗੂਆਂ ਨੇ ਇਸ ਦੌਰਾਨ ਬੱਸ ਸਟੈਂਡ ’ਤੇ ਪ੍ਰਦਰਸ਼ਨ ਕੀਤਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਬੱਸਾਂ ਨਾ ਚੱਲਣ ਕਾਰਨ ਲੋਕ ਦੋ ਘੰਟੇ ਪ੍ਰੇਸ਼ਾਨ ਹੁੰਦੇ ਰਹੇ ਤੇ ਸਵਾਰੀਆਂ ਨੂੰ ਪ੍ਰਾਈਵੇਟ ਬੱਸਾਂ ਵਿੱਚ ਸਫ਼ਰ ਕਰਨਾ ਪਇਆ। ਸਭ ਤੋਂ ਵੱਧ ਪ੍ਰੇਸ਼ਾਨੀ ਔਰਤਾਂ ਤੇ ਪਾਸ ਹੋਲਡਰਾਂ ਨੂੰ ਝੱਲਣੀ ਪਈ। ਯੂਨੀਅਨ ਦੇ ਆਗੂ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਅੱਜ ਚੱਕਾ ਜਾਮ ਦਾ ਪ੍ਰੋਗਰਾਮ ਇਸ ਕਰਕੇ ਰੱਦ ਕੀਤਾ ਗਿਆ ਹੈ ਕਿ ਸਰਕਾਰ ਨੇ ਉਨ੍ਹਾਂ ਦੀ ਮੁੱਖ ਮੰਗਾਂ ਵਿੱਚ ਇੱਕ ਕਿਲੋਮੀਟਰ ਸਕੀਮ ਦੇ ਟੈਂਡਰ ਦੀ ਤਰੀਕ ਨੂੰ ਅੱਗੇ ਪਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਯੂਨੀਅਨ ਦੇ ਆਗੂਆਂ ਤੇ ਅਧਿਕਾਰੀਆਂ ਵਿਚਾਲੇ ਪਟਿਆਲਾ ਹੈੱਡਕੁਆਰਟਰ ਵਿੱਚ ਮੀਟਿੰਗ ਹੋਈ ਜਿਸ ਵਿੱਚ ਭਰੋਸਾ ਦਿੱਤਾ ਗਿਆ ਹੈ ਕਿ ਟਰਾਂਸਪੋਰਟ ਮੰਤਰੀ ਯੂਨੀਅਨ ਦੇ ਆਗੂਆਂ ਨਾਲ 19 ਨਵੰਬਰ ਨੂੰ ਮੀਟਿੰਗ ਕਰਨਗੇ ਤੇ ਬਾਕੀ ਮੰਗਾਂ ’ਤੇ ਚਰਚਾ ਕੀਤੀ ਜਾਵੇਗੀ। ਮੁਲਾਜ਼ਮਾਂ ਨੇ ਲੁਧਿਆਣਾ ਵਿੱਚ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਈ ਰੂਟਾਂ ਦੀਆਂ ਬੱਸਾਂ ਨਹੀਂ ਚੱਲਣ ਦਿੱਤੀਆਂ ਕਿਉਂਕਿ ਮੁਲਾਜ਼ਮ ਪ੍ਰਦਰਸ਼ਨ ਕਰ ਰਹੇ ਸਨ। ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਸਰਕਾਰ ਇਸ ਟੈਂਡਰ ਨੂੰ ਖੁੱਲ੍ਹਣ ਲਈ ਦੋ ਵਾਰ ਤਰੀਕ ਅੱਗੇ ਪਾ ਚੁੱਕੀ ਹੈ ਪਰ ਹਰ ਵਾਰ ਯੂਨੀਅਨ ਦੇ ਮੈਂਬਰਾਂ ਦੀ ਗੱਲ ਸੁਣਨ ਦੀ ਬਜਾਏ ਸਿਰਫ਼ ਲਾਰੇ ਹੀ ਲਾਏ ਜਾਂਦੇ ਹਨ। ਯੂਨੀਅਨ ਦੇ ਮੈਂਬਰਾਂ ਨੇ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਦਿੱਤਾ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਹੁਣ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ।

